ਅੰਮ੍ਰਿਤਸਰ : ਬੀਤੇ ਦਿਨੀਂ 105 ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਅਮਰੀਕਾ 277 ਹੋਰ ਭਾਰਤੀਆਂ ਨੂੰ ਡਿਪੋਰਟ ਕਰ ਰਿਹਾ ਹੈ। ਇਨ੍ਹਾਂ ’ਚੋਂ 120 ਭਾਰਤੀ ਸ਼ਨਿਚਰਵਾਰ ਤੇ 157 ਭਾਰਤੀ ਐਤਵਾਰ ਨੂੰ ਭਾਰਤ ਪੁੱਜਣਗੇ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਲਿਆਉਣ ਦੀ ਯੋਜਨਾ ਹੈ।
ਅਮਰੀਕਾ ਤੋਂ ਸ਼ਨਿਚਰਵਾਰ ਨੂੰ ਡਿਪੋਰਟ ਹੋ ਕੇ ਆ ਰਹੇ 120 ਭਾਰਤੀ ਸ਼ਨਿਚਰਵਾਰ ਦੇਰ ਰਾਤ ਦੱਸ ਵਜੇ ਤੋਂ ਬਾਅਦ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜ ਸਕਦੇ ਹਨ। ਇਸ ਵਾਰ ਡਿਪੋਰਟ ਹੋ ਕੇ ਭਾਰਤ ਆਉਣ ਵਾਲੇ 120 ਭਾਰਤੀਆਂ ’ਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼ ਦੇ 3, ਮਹਾਰਾਸ਼ਟਰ ਦੇ 2, ਰਾਜਸਥਾਨ ਦੇ 2, ਗੋਆ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ 2-2 ਲੋਕ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਐਤਵਾਰ ਨੂੰ ਵੀ ਅਮਰੀਕਾ 157 ਭਾਰਤੀਆਂ ਨੂੰ ਡਿਪੋਰਟ ਕਰੇਗਾ। ਇਨ੍ਹਾਂ ’ਚ ਚਾਰ ਤੋਂ 50 ਸਾਲਾਂ ਦੇ ਲੋਕ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਉਣ ਦੀ ਯੋਜਨਾ ਹੈ।
ਚਰਚਾ ਹੈ ਕਿ ਇਸ ਵਾਰ ਡਿਪੋਰਟ ਹੋਣ ਵਾਲੇ ਲੋਕਾਂ ਨੂੰ ਭਾਰਤੀ ਹਵਾਈ ਜਹਾਜ਼ ’ਚ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਫੌਜੀ ਜਹਾਜ਼ ਸੀ-17 ਰਾਹੀਂ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਭੇਜਿਆ ਗਿਆ ਸੀ। ਡਿਪੋਰਟ ਹੋਏ ਲੋਕਾਂ ਨੂੰ ਹਥਕੜੀ, ਪੈਰਾਂ ਤੇ ਕਮਰ ’ਚ ਜੰਜੀਰ ਬੰਨ੍ਹ ਕੇ ਲਿਆਂਦਾ ਗਿਆ ਸੀ। ਇਸ ’ਤੇ ਪੰਜਾਬ ਸਰਕਾਰ ਤੇ ਕੇਂਦਰ ਦੋਵਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਵਿਰੋਧੀ ਧਿਰ ਨੇ ਇਹ ਮਾਮਲਾ ਸੰਸਦ ’ਚ ਵੀ ਚੁੱਕਿਆ ਸੀ।