ਚੰਡੀਗੜ੍ਹ, ਹਰਿਆਣਾ ਦੇ ਅਵਾਜਾਈ, ਬਿਜਲੀ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਭਾਰਤੀ ਜਨਤਾ ਪਾਰਟੀ ਵਲੋਂ ਅਨੁਸ਼ਾਸਨਹੀਨਤਾ ਦੇ ਮਾਮਲੇ ’ਚ ਦਿੱਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਅੱਠ ਸਫ਼ਿਆਂ ਦੇ ਜਵਾਬ ਵਿੱਚ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਰਾਜ ਵਿੱਚ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਮਨਮਰਜ਼ੀ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਹਰਾਉਣ ਦੀ ਸਾਜ਼ਿਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਹਾਲਾਂਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਜ ਨੇ ਜਵਾਬ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਪਰ ਕੀ ਜਵਾਬ ਦਿੱਤਾ ਹੈ, ਇਸ ਬਾਰੇ ਉਹ ਨਹੀਂ ਦੱਸਣਗੇ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਹੁਕਮਾਂ ’ਤੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਵਿੱਜ ਨੂੰ ਨੋਟਿਸ ਭੇਜਿਆ ਸੀ ਅਤੇ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਸੀ। 10 ਫਰਵਰੀ ਨੂੰ ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਸੀ ਅਤੇ ਬੁੱਧਵਾਰ ਨੂੰ ਜਵਾਬ ਭੇਜਣ ਦਾ ਆਖ਼ਰੀ ਦਿਨ ਸੀ। ਇਸ ਕਾਰਨ ਅੱਜ ਸਵੇਰੇ ਹੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ।
ਗੌਰਤਲਬ ਹੈ ਕਿ ਅਨਿਲ ਵਿੱਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਉੱਡਣਖਟੋਲੇ ਵਿੱਚ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਲਗਦਾ ਕਿ ਜ਼ਮੀਨ ‘ਤੇ ਕੀ ਹੋ ਰਿਹਾ ਹੈ। ਇਸ ਤੋਂ ਇਲਾਵਾ ਸੀਐੱਮ ਨੂੰ ਨਸੀਹਤ ਦਿੱਤੀ ਸੀ ਕਿ ਉਹ ਵਿਧਾਇਕਾਂ, ਸੰਸਦ ਮੈਂਬਰਾ ਅਤੇ ਮੰਤਰੀਆਂ ਨਾਲ ਬੈਠ ਕੇ ਉਨ੍ਹਾਂ ਦੀ ਸੁਣਵਾਈ ਕਰਨ ਅਤੇ ਜਨਤਾ ਦੀ ਵੀ ਸੁਣਵਾਈ ਕਰਨ।
ਆਪਣੇ ਕੰਮਕਾਜ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਵਿੱਜ ਨੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਸਨ, ਜਿਨ੍ਹਾਂ ਵਿੱਚ ਸ਼ਾਮਲ ਲੋਕ ਮੁੱਖ ਮੰਤਰੀ ਦੇ ਨਾਲ ਸਨ। ਵਿੱਜ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਚੋਣਾਂ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਇਹ ਉਹ ਚਿਹਰੇ ਹਨ ਜੋ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤ੍ਰਾ ਸਰਵਾਰਾ ਦੇ ਨਾਲ ਵੀ ਨਜ਼ਰ ਆ ਰਹੇ ਸਨ।