ਟਾਂਡਾ ਉੜਮੁੜ – ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦੀਆਂ ਖ਼ੁਸ਼ੀਆਂ ਨੂੰ ਲੈ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਸੀਰ ਗੋਵਰਧਨ ਬਨਾਰਸ ਯੂ. ਪੀ. ਵਿਖੇ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਲੱਖਾਂ ਹੀ ਸੰਗਤਾਂ ਦੀ ਵਿੱਚ ਮਨਾਇਆ ਜਾ ਰਿਹਾ ਹੈ।
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਚੈਰੀਟੇਬਲ ਟਰੱਸਟ ਭਾਰਤ ਵੱਲੋਂ ਟਰੱਸਟ ਦੇ ਚੇਅਰਮੈਨ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਮੁਖੀ ਸਤਿਕਾਰਯੋਗ ਸੰਤ ਮਹਾਰਾਜ ਸੰਤ ਨਿਰੰਜਨ ਦਾਸ ਜੀ ਅਗਵਾਈ ਵਿੱਚ ਸਮੁੱਚੇ ਸੰਸਾਰ ਵਿਚੋਂ ਪੁੱਜੀਆਂ ਸੰਗਤਾਂ ਜਨਮ ਸਥਾਨ ‘ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।
ਇਸ ਮੌਕੇ ਗ੍ਰੀਸ ਦੀਆਂ ਸੰਗਤਾਂ ਵੱਲੋਂ ਸੋਨੇ ਦੇ ਨਾਲ ਤਿਆਰ ਕੀਤੇ ਗਏ ‘ਹਰਿ’ ਦੇ ਨਿਸ਼ਾਨ ਸਾਹਿਬ ਚੜ੍ਹਾਏ ਗਏ ਅਤੇ ਸੰਗਤਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ‘ਤੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਟਰੱਸਟ ਤੇ ਹੋਰਨਾ ਸੇਵਾਦਾਰਾਂ ਨੇ ਸਰਬੱਤ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਮਹਾਨ ਪਵਿੱਤਰ ਬਾਣੀ ਮਹਾਨ ਕ੍ਰਾਂਤੀਕਾਰੀ ਵਿਚਾਰਧਾਰਾ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।
ਜ਼ਿਕਰਯੋਗ ਹੈ ਕਿ ਜਨਮ ਸਥਾਨ ਤੋਂ ਇਲਾਵਾ ਪੰਜਾਬ ਵਿੱਚ ਵੀ ਵੱਡੇ ਪੱਧਰ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਗੁਰੂ ਘਰਾਂ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਕੀਰਤਨ ਵੀ ਸਜਾਏ ਜਾਣੇ ਹਨ ਹਨ।