ਗੈਂਗਸਟਰਾਂ ਦੇ ਤਿੰਨ ਸਾਥੀ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ, 4 ਪਿਸਟਲ 32 ਬੋਰ, ਇੱਕ ਦੇਸੀ ਕੱਟਾ ਤੇ 21 ਰੋਂਦ ਬਰਾਮਦ

ਪਟਿਆਲਾ : ਸੀਆਈਏ ਸਟਾਫ ਨੇ ਗੈਂਗਸਟਰਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿਲਦਾਰ ਖਾਨ ਵਾਸੀ ਬਨੂੜ ਕੁਲਵਿੰਦਰ ਮੋਫਰ ਵਾਸੀ ਪਿੰਡ ਮੋਫਰ ਮਾਨਸਾ ਫਤਿਹ ਮਨਿੰਦਰ ਸਿੰਘ ਉਰਫ ਲੱਡੂ ਵਾਸੀ ਪਿੰਡ ਬਲਬੇੜਾ ਵਜੋਂ ਹੋਈ ਹੈ।

ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮਾਂ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦਿਲਦਾਰ ਖਾਨ ਖਿਲਾਫ ਪਹਿਲਾਂ ਵੀ ਇਰਾਦਾ ਕਤਲ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ। ਚੰਡੀਗੜ੍ਹ ਵਿਖੇ ਦਰਜ ਦੋ ਮਾਮਲਿਆਂ ਵਿੱਚ ਦਿਲਦਾਰ ਖਾਨ ਸਜ਼ਾ ਯਾਫ਼ਤਾ ਵੀ ਹੈ। ਦਿਲਦਾਰ ਨੂੰ ਸੀਆਈਏ ਟੀਮ ਨੇ ਪਟਿਆਲਾ ਦੇ ਅਪਚਲ ਨਗਰ ਤੋਂ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਪਿਸਟਲ 32 ਬੋਰ ਅਤੇ ਅੱਠ ਰੋਂਦ ਬਰਾਮਦ ਕੀਤੇ ਹਨ।

ਕੁਲਵਿੰਦਰ ਮੋਫਰ ਨੂੰ ਪਟਿਆਲਾ ਦੇ ਡੀਸੀ ਡਬਲ ਪੁੱਲ ਕੋਲ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਪਿਸਟਲ 32 ਬੋਰ ਅਤੇ 10 ਰੋਂਦ ਬਰਾਮਦ ਕੀਤੇ ਗਏ ਹਨ। ਇਹਨਾਂ ਦੇ ਤੀਸਰੇ ਸਾਥੀ ਮਨਿੰਦਰ ਸਿੰਘ ਉਰਫ ਲੱਡੂ ਕੋਲੋਂ ਇੱਕ ਦੇਸੀ ਕੱਟਾ ਅਤੇ ਤਿੰਨ ਰੋਂਦ ਬਰਾਮਦ ਹੋਏ ਹਨ। ਐਸਐਸ ਪੀ ਅਨੁਸਾਰ ਦਿਲਦਾਰ ਖਾਨ ਅਤੇ ਕੁਲਵਿੰਦਰ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਰਹੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *