ਪ੍ਰਯਾਗਰਾਜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਹਾਂਕੁੰਭ ਮੇਲੇ ਦੌਰਾਨ ਤ੍ਰਿਵੇਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਇਸ ਦੌਰਾਨ ਘਾਟ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਪ੍ਰਯਾਗਰਾਜ ਹਵਾਈ ਅੱਡੇ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਸਵਾਗਤ ਕੀਤਾ।
ਮੁਰਮੂ ਨੇ ਤ੍ਰਿਵੇਣੀ ਦੇ ਸੰਗਮ ’ਤੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਰਿਲੀਜ਼ ਮੁਤਾਬਕ ਰਾਸ਼ਟਰਪਤੀ ਮੁਰਮੂ ਮਹਾਂਕੁੰਭ ਵਿਚ ਡੁਬਕੀ ਲਾਉਣ ਮਗਰੋਂ ਅਕਸ਼ੈਵਟ ਅਤੇ ਵੱਡੇ ਹਨੂਮਾਨ ਮੰਦਰ ਵਿਚ ਪੂਜਾ ਅਰਚਨਾ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਡਿਜੀਟਲ ਕੁੰਭ ਅਨੁਭਵ ਕੇਂਦਰ ਵੀ ਜਾਣਗੇ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭ ਦੌਰਾਨ ਇਸ਼ਨਾਨ ਕੀਤਾ ਸੀ।