ਫਿਰੋਜ਼ਪੁਰ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਦੇ ਮਾਮਲੇ ‘ਚ ਅੱਜ ਦਲਿਤ ਭਾਈਚਾਰੇ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਪੂਰਨ ਤੌਰ ‘ਤੇ ਬੰਦ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੇ ਬੈਂਕ, ਸਕੂਲ ਅਤੇ ਕਾਲਜ ਵੀ ਬੰਦ ਰੱਖੇ ਗਏ। ਦਲਿਤ ਭਾਈਚਾਰੇ ਵਲੋਂ ਬਾਜ਼ਾਰਾਂ ਨੂੰ ਵੀ ਬੰਦ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਕਾਰਨ ਪੂਰਾ ਜ਼ਿਲ੍ਹਾ ਮੁਕੰਮਲ ਬੰਦ ਦਿਖਾਈ ਦੇ ਰਿਹਾ ਹੈ। ਕੁੱਝ ਬੈਂਕ ਅਤੇ ਦੁਕਾਨਾਂ ਖੁੱਲ੍ਹੀਆਂ ਹਨ, ਜਿਨ੍ਹਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।
ਉਕਤ ਘਟਨਾ ਨੂੰ ਲੈ ਕੇ ਦਲਿਤ ਭਾਈਚਾਰੇ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਸੜਕਾਂ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਲਿਤ ਆਗੂਆਂ ਦਾ ਕਹਿਣਾ ਹੈ ਕਿ ਇਸ ਬੇਅਦਬੀ ਕਾਰਨ ਹਰ ਵਰਗ ‘ਚ ਰੋਸ ਹੈ ਅਤੇ ਅੱਜ ਬੰਦ ਦੀ ਕਾਲ ‘ਤੇ ਪੂਰੇ ਫਿਰੋਜ਼ਪੁਰ ਦੇ ਹਰ ਵਰਗ ਨੇ ਸਾਡਾ ਸਾਥ ਦਿੱਤਾ ਹੈ।
ਦੱਸਣਯੋਗ ਹੈ ਕਿ ਦਲਿਤ ਭਾਈਚਾਰੇ ਵਲੋਂ 30 ਜਨਵਰੀ ਨੂੰ ਫਿਰੋਜ਼ਪੁਰ ‘ਚ ਮੁਕੰਮਲ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਅੱਜ ਸਕੂਲ, ਕਾਲਜ ਅਤੇ ਹੋਰ ਅਦਾਰੇ ਬੰਦ ਰੱਖੇ ਗਏ। ਇਹ ਬੰਦ ਦਾ ਸੱਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤਾ ਗਿਆ ਹੈ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਗੀਅਂ ਅਤੇ ਵਿਆਹ-ਸ਼ਾਦੀਆਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਨਹੀਂ ਰੋਕਿਆ ਜਾ ਰਿਹਾ।