ਲੁਧਿਆਣਾ: ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਦੇ ਮੱਦੇਨਜਰ ਵਿੱਢੀ ਮੁਹਿੰਮ ਤਹਿਤ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਪਤੰਗ ਉਡਾਉਣ ਵਾਲੀ ਘਾਤਕ ਚੀਨੀ ਡੋਰ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਪਤੰਗ ਉਡਾਉਣ ਵਾਲੀਆਂ ਇਨ੍ਹਾਂ ਘਾਤਕ ਡੋਰਾਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣਾ ਹੈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ (ਸੀਪੀ) ਸਵਪਨ ਸ਼ਰਮਾ ਅਤੇ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੇ ਨਾਲ ਦੋਵਾਂ ਸ਼ਹਿਰਾਂ ਦੇ ਸਥਾਨਕ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਚੀਨੀ ਪਲਾਸਟਿਕ ਪਤੰਗ ਦੀਆਂ ਡੋਰਾਂ ਵੇਚਣ ਤੋਂ ਪਰਹੇਜ਼ ਕਰਨ ਲਈ ਉਤਸ਼ਾਹਿਤ ਵੀ ਕੀਤਾ।
ਉਨ੍ਹਾਂ ਦੁਕਾਨਦਾਰਾਂ ਨੂੰ ਮਾਂਝਾ (ਪਤੰਗ ਦੀ ਡੋਰ) ਦੀ ਗੈਰ-ਕਾਨੂੰਨੀ ਵਿਕਰੀ ਜਾਂ ਵਰਤੋਂ ਸਬੰਧੀ ਰਿਪੋਰਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ। ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਪਿਛਲੇ 20 ਦਿਨਾਂ ਦੌਰਾਨ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਇਸ ਘਾਤਕ ਪਤੰਗ ਦੀ ਡੋਰ ਨੂੰ ਵੇਚਣ ਵਿੱਚ ਸ਼ਾਮਿਲ ਵਿਅਕਤੀਆਂ ਤੋਂ 80879 ਚੀਨੀ ਡੋਰ ਦੇ ਬੰਡਲ ਬਰਾਮਦ ਕੀਤੇ ਹਨ ਅਤੇ 90 ਐਫਆਈਆਰਜ਼ ਦਰਜ ਕੀਤੀਆਂ ਹਨ।