ਐੱਸ ਏ ਐੱਸ ਨਗਰ : ਪੁਲਿਸ ਹਿਰਾਸਤ ਵਿਚ ਗੈਂਗਸਟਰ ਲਾਰੈਂਸ ਦੇ ਇੰਟਰਵਿਊ ਦੇ ਮਾਮਲੇ ਵਿਚ ਬਰਖ਼ਾਸਤ ਡੀ ਐੱਸ ਪੀ ਗੁਰਸ਼ੇਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਮੋਹਾਲੀ ਜ਼ਿਲ੍ਹਾ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਅਜਿਹੀ ਸਥਿਤੀ ਵਿਚ, ਹੁਣ ਗੁਰਸ਼ੇਰ ਸਿੰਘ ਨੂੰ ਜੇਲ੍ਹ ਤੋਂ ਬਚਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲੈਣੀ ਪਵੇਗੀ। ਅਦਾਲਤ ਵਿਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਪੇਸ਼ ਹੋਏ ਸਨ।ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਨਾਲ ਸਬੰਧਿਤ ਰਿਕਾਰਡ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਗੁਰਸ਼ੇਰ ਸਿੰਘ ਸਿੱਧੂ ਨੇ ਪਟੀਸ਼ਨ ਵਿਚ ਮੁੱਖ ਤੌਰ ‘ਤੇ ਦੋ ਦਲੀਲਾਂ ਦਿੱਤੀਆਂ ਸਨ। ਜਿਸ ਵਿਚ ਕਿਹਾ ਗਿਆ ਸੀ ਕਿ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਉਨ੍ਹਾਂ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਗਲਤ ਹੈ।ਦਲੀਲ ਦਿੰਦੇ ਹੋਏ ਕਿਹਾ ਗਿਆ ਕਿ ਬਲਜਿੰਦਰ ਸਿੰਘ ਉਰਫ਼ ਟਾਹਲਾ ਦੀ ਸ਼ਿਕਾਇਤ ਦੀ ਜਾਂਚ ਮੋਹਾਲੀ ਦੇ ਉਸ ਸਮੇਂ ਦੇ ਐੱਸ ਐੱਸ ਪੀ ਸੰਦੀਪ ਗਰਗ ਨੇ ਕੀਤੀ ਸੀ।ਐੱਸ ਐੱਸ ਪੀ ਸੰਦੀਪ ਗਰਗ ਨੇ ਸ਼ਿਕਾਇਤ ਨੂੰ ਝੂਠਾ ਕਰਾਰ ਦਿਤਾ ਸੀ। ਬਾਅਦ ਵਿਚ ਰੋਪੜ ਦੇ ਐਸਪੀ ਦੁਆਰਾ ਕੀਤੀ ਗਈ ਜਾਂਚ ਦੇ ਆਧਾਰ ‘ਤੇ ਐਫ ਆਈ ਆਰ ਦਰਜ ਕੀਤੀ ਗਈ, ਜੋ ਐੱਸ ਐੱਸ ਪੀ ਗਰਗ ਤੋਂ ਜੂਨੀਅਰ ਹਨ।ਇਸ ਦੇ ਨਾਲ ਹੀ ਪਟੀਸ਼ਨ ਵਿਚ ਦੂਜੀ ਦਲੀਲ ਇਹ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਇੰਟਰਵਿਊ ਵਿਵਾਦ ਵਿਚ ਵੀ ਬਲੀ ਦਾ ਬੱਕਰਾ ਬਣਾਇਆ ਗਿਆ ਹੈ।