ਸ੍ਰੀ ਮੁਕਤਸਰ ਸਾਹਿਬ : ਅੱਜ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਚ ਅਕਾਲੀ ਦਲ ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ‘ਤੇ ਵੱਡੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਸਾਹਿਬ ‘ਤੇ ਹਮਲੇ ਹੁੰਦੇ ਸਨ, ਹੁਣ ਮੇਰੇ ‘ਤੇ ਹੋ ਰਹੇ ਹਨ। ਪੰਥ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਇਕੋ ਇਕ ਹੁੰਦਾ ਸੀ ਉਹ ਵੀ ਪ੍ਰਕਾਸ਼ ਸਿੰਘ ਬਾਦਲ । ਹੁਣ ਮੈਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ। ਅੱਜ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋ ਰਹੀਆਂ ਹਨ। ਮੇਰੇ ਖ਼ਿਲਾਫ ਹਰ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੈਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਹੋਈ। ਇਨ੍ਹਾਂ ਤਾਕਤਾਂ ਦਾ ਇਕੋ ਨਿਸ਼ਾਨਾਂ ਬਾਦਲ ਪਰਿਵਾਰ ਹੈ। ਇਹ ਚਾਹੁੰਦੇ ਹਨ ਕਿ ਬਾਦਲ ਦਾ ਨਾਮ ਖ਼ਤਮ ਕਰ ਦਿਓ ਅਕਾਲੀ ਦਲ ਦਾ ਨਾਮ ਖ਼ਤਮ ਹੋ ਜਾਵੇਗਾ। ਪਿਛਲੇ ਛੇ ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖ਼ਿਲਾਫ ਰੱਜ ਕੇ ਪ੍ਰਚਾਰ ਕੀਤਾ।
ਲੋਕ ਦੱਸਣ ਕਿ ਬਾਦਲ ਸਾਹਿਬ ਅਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ। ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ। ਜਦਕਿ ਸਰਦਾਰ ਬਾਦਲ ਨੇ ਅਕਾਲੀ ਦਲ ਲਈ 70 ਸਾਲ ਸੇਵਾ ਕੀਤੀ। ਸਾਡੇ ਘਰ ਵਿਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਮੇਰੇ ਬੱਚੇ ਵੀ ਘਰੋਂ ਅਰਦਾਸ ਕਰਕੇ ਨਿਕਲਦੇ ਹਨ। ਬਾਦਲ ਸਾਹਿਬ ਨੇ ਸਿੱਖੀ ਲਈ, ਕੌਮ ਲਈ ਪੂਰੀ ਜ਼ਿੰਦਗੀ ਲਗਾ ਦਿੱਤੀ। ਉਨ੍ਹਾਂ ਦਾ ਗੁਨਾਹ ਇਹੋ ਸੀ ਕਿ ਉਨ੍ਹਾਂ ਨੇ ਕੌਮ ਲਈ ਜੇਲ੍ਹਾਂ ਕੱਟੀਆਂ। ਅੱਜ ਵੱਡੀਆਂ-ਵੱਡੀਆਂ ਤਾਕਤਾਂ ਅਕਾਲੀ ਦਲ ਨੂੰ ਖ਼ਤਮ ਕਰਨ ਵਿਚ ਲੱਗੀਆਂ ਹਨ। ਉਨ੍ਹਾਂ ਨੂੰ ਪਤਾ ਜੇ ਬਾਦਲ ਪਰਿਵਾਰ ਖ਼ਤਮ ਹੋ ਜਾਵੇਗਾ ਤਾਂ ਅਕਾਲੀ ਦਲ ਵੀ ਖ਼ਤਮ ਹੋ ਜਾਵੇਗਾ। ਇਹ ਤਾਕਤਾਂ ਹਰ ਹੀਲਾ ਵਰਤ ਰਹੀਆਂ ਹਨ।