ਕਪੂਰਥਲਾ – ਕਪੂਰਥਲਾ ਵਿਖੇ ਸਕੂਲ ਬੱਸ ਅਤੇ ਇਕ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋਵੇਂ ਡਰਾਈਵਰ ਜ਼ਖ਼ਮੀ ਹੋ ਗਏ ਜਦਕਿ ਬੱਸ ਵਿੱਚ ਸਫ਼ਰ ਕਰ ਰਹੇ ਸਾਰੇ ਬੱਚੇ ਸੁਰੱਖਿਅਤ ਦੱਸੇ ਜਾ ਰਹੇ ਹਨ। ਬੱਚਿਆਂ ਨੂੰ ਕਿਸੇ ਹੋਰ ਗੱਡੀ ਵਿੱਚ ਸਕੂਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਸੜਕ ‘ਤੇ ਕੁਝ ਦੇਰ ਲਈ ਟ੍ਰੈਫਿਕ ਜਾਮ ਰਿਹਾ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਢੁੱਡੀਆਂਵਾਲ ਨੇੜੇ ਵਾਪਰਿਆ। ਕਾਰ ਚਾਲਕ ਨਵੀਨ ਚਾਹਲ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਦਕਿ ਸਕੂਲ ਬੱਸ ਡਰਾਈਵਰ ਕਰਨੈਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕਰੀਬ 15 ਤੋਂ 20 ਬੱਚੇ ਸਵਾਰ ਸਨ, ਜੋ ਸੁਰੱਖਿਅਤ ਹਨ। ਕਾਰ ਚਾਲਕ ਨੂੰ ਤੁਰੰਤ ਆਰ. ਸੀ. ਐੱਫ਼. ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।