ਨਵੀਂ ਦਿੱਲੀ : ਇਕ-ਦੋ ਦਿਨਾਂ ’ਚ ਹੀ ਮੌਸਮ ’ਚ ਮੁੜ ਵੱਡੀ ਤਬਦੀਲੀ ਆਉਣ ਵਾਲੀ ਹੈ। ਉੱਤਰ ਭਾਰਤ ’ਚ ਤਾਪਮਾਨ ’ਚ ਹਲਕੇ ਵਾਧੇ ਤੋਂ ਬਾਅਦ ਮੁੜ ਗਿਰਾਵਟ ਹੋਣ ਜਾ ਰਹੀ ਹੈ। ਇਸ ਮਹੀਨੇ ਦੀ ਤੀਜੀ ਵੱਡੀ ਪੱਛਮੀ ਗੜਬੜੀ ਸ਼ੁੱਕਰਵਾਰ ਨੂੰ ਪਹਾੜਾਂ ’ਤੇ ਪਹੁੰਚਣ ਵਾਲੀ ਹੈ। ਇਸ ਦੌਰਾਨ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਲੈ ਕੇ ਹਵਾਵਾਂ ਵੀ ਆਉਣ ਵਾਲੀਆਂ ਹਨ। ਦੋਵੇਂ ਤਰ੍ਹਾਂ ਦੀਆਂ ਹਵਾਵਾਂ ਮੈਦਾਨੀ ਇਲਾਕੇ ’ਚ ਸੰਘਣੀਆਂ ਹੋਣਗੀਆਂ, ਜਿਸ ਦੇ ਅਸਰ ਨਾਲ ਅਗਲੇ ਇਕ-ਦੋ ਦਿਨਾਂ ਦੇ ਅੰਦਰ ਉੱਤਰ ਭਾਰਤ ਦੇ ਵੱਡੇ ਇਲਾਕੇ ’ਚ ਬਾਰਿਸ਼ ਦਾ ਦੌਰ ਸ਼ੁਰੂ ਹੋ ਜਾਏਗਾ। ਰਾਜਸਥਾਨ ’ਚ ਇਸ ਦਾ ਅਸਰ ਤਾਂ ਦਿਸਣ ਵੀ ਲੱਗਾ ਹੈ। ਉੱਥੇ ਚੱਕਰਵਾਤੀ ਹਵਾਵਾਂ ਦਾ ਖੇਤਰ ਬਣ ਚੁੱਕਾ ਹੈ, ਜਿਹੜਾ ਹੌਲੀ-ਹੌਲੀ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵੱਲ ਖਿਸਕ ਰਿਹਾ ਹੈ।
ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਚੱਕਰਵਾਤੀ ਹਵਾ ਦੇ ਰੂਪ ’ਚ ਪੱਛਮੀ ਗੜਬੜੀ ਦੇ ਅਸਰ ਨਾਲ 11-12 ਜਨਵਰੀ ਨੂੰ ਪੱਛਮੀ ਪਹਾੜੀ ਖੇਤਰ ’ਚ ਹਲਕੀ ਤੋਂ ਮੱਧਮ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਅਸਰ ਨਾਲ ਮੈਦਾਨੀ ਇਲਾਕਿਆਂ ’ਚ ਹਵਾ ਦੀ ਦਿਸ਼ਾ ’ਚ ਬਦਲਾਅ ਹੋਵੇਗਾ। ਇਸ ਦੌਰਾਨ ਉੱਤਰ-ਪੱਛਮੀ ਹਿੱਸੇ ’ਚ ਕੁਝ ਬਾਰਿਸ਼ ਹੋ ਸਕਦੀ ਹੈ। ਆਈਐੱਮਡੀ ਦੇ ਮੁਤਾਬਕ, 11 ਜਨਵਰੀ ਨੂੰ ਹਿਮਾਚਲ, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਕਈ ਥਾਵਾਂ ’ਤੇ ਗਰਜ ਨਾਲ ਬਾਰਿਸ਼ ਹੋਵੇਗੀ। ਨਾਲ ਹੀ ਦੱਖਣੀ ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਗੜੇ ਵੀ ਡਿੱਗ ਸਕਦੇ ਹਨ। ਪੰਜਾਬ ਦੇ ਪੱਛਮੀ ਖੇਤਰ ਤੇ ਰਾਜਸਥਾਨ ਦੇ ਖੇਤਰਾਂ ’ਚ 11 ਜਨਵਰੀ ਤੋਂ ਬੱਦਲ ਪਹੁੰਚਣ ਲੱਗਣਗੇ।