Jharkhand Accident: ਭਿਆਨਕ ਸੜਕ ਹਾਦਸੇ ’ਚ 3 ਸਕੂਲੀ ਬੱਚਿਆਂ ਸਮੇਤ 4 ਦੀ ਮੌਤ, 8 ਜ਼ਖਮੀ

ਰਾਮਗੜ੍ਹ, ਝਾਰਖੰਡ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਘੱਟੋ ਘੱਟ ਚਾਰ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ| ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਥਾਣਾ ਖੇਤਰ ਵਿੱਚ ਤਿਰਲਾ ਚੌਕ ਨੇੜੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਲੂਆਂ ਨਾਲ ਭਰਿਆ ਟਰੱਕ ਪਲਟ ਕੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੇ ਆਟੋ-ਰਿਕਸ਼ਾ ’ਤੇ ਜਾ ਡਿੱਗਾ।

ਹਾਦਸੇ ਵਿਚ ਪੰਜ ਤੋਂ ਅੱਠ ਸਾਲ ਦੀ ਉਮਰ ਦੇ ਬੱਚੇ ਟਰੱਕ ਦੇ ਹੇਠਾਂ ਦੱਬ ਗਏ। ਮੌਕੇ ’ਤੇ ਪੁੱਜੇ ਰਾਹਗੀਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਤਿੰਨ ਬੱਚਿਆਂ ਅਤੇ ਆਟੋ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ‘ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਵਿੱਚ ਲੰਬਾ ਜਾਮ ਲੱਗ ਗਿਆ। ਰਾਮਗੜ੍ਹ ਦੀ ਵਿਧਾਇਕਾ ਮਮਤਾ ਦੇਵੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਕੜਾਕੇ ਦੀ ਠੰਢ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 13 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਹਾਲਾਂਕਿ ਗੁੱਡਵਿਲ ਮਿਸ਼ਨ ਸਕੂਲ ਨੇ ਇਸ ਨਿਰਦੇਸ਼ ਦੀ ਉਲੰਘਣਾ ਕੀਤੀ ਅਤੇ ਖੁੱਲ੍ਹਾ ਰਿਹਾ।

ਜਿਸ ਕਾਰਨ ਸਥਾਨਕ ਲੋਕ ਅਤੇ ਮਾਪੇ ਇਸ ਹਾਦਸੇ ਲਈ ਸਕੂਲ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮੌਕੇ ’ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਗ੍ਰਿਫ਼ਤਾਰੀ ਲਈ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *