ਪਟਿਆਲਾ, Punjab News: ਪਟਿਆਲਾ ਦੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠਲੀ ਟੀਮ ਵੱਲੋਂ ਇਰਾਦਾ ਕਤਲ ਦੇ ਦੋ ਮਾਮਲਿਆਂ ਵਿੱਚ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਪਿਸਤੌਲ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦਿੱਤੀ ਹੈ।
ਇਨ੍ਹਾਂ ਵਿੱਚੋਂ ਇੱਕ ਮਾਮਲਾ ਅਜਿਹਾ ਹੈ ਜਿਸ ਦੌਰਾਨ ਇੱਕ ਔਰਤ ਨੇ ਆਪਣੇ ਪਤੀ ਨੂੰ ਮਰਵਾਉਣ ਦੀ ਕਥਿਤ ਕੋਸ਼ਿਸ਼ ਕੀਤੀ ਸੀ। ਇਸ ਹਮਲੇ ਦੌਰਾਨ ਪਤੀ ਤਾਂ ਬਚ ਗਿਆ, ਪਰ ਉਸ ਦੇ ਨਾਲ ਜਾ ਰਹੇ ਉਸ ਦੇ ਇੱਕ ਦੋਸਤ ਨੂੰ ਗੋਲੀ ਲੱਗ ਗਈ। ਇਸ ਗੋਲੀ ਕਾਰਨ ਪੀੜਤ ਦੀਆਂ ਦੋਵਾਂ ਅੱਖਾਂ ਦੀ ਨਜ਼ਰ ਜਾਂਦੀ ਰਹੀ ਹੈ।
SSP ਨੇ ਦੱਸਿਆ ਕਿ ਮੁਲਜ਼ਮਾਂ ਨੂੰ ਉਕਤ ਪੁਲੀਸ ਫੋਰਸ ਵੱਲੋਂ ਐਸਪੀ ਸਿਟੀ ਸਰਫਰਾਜ਼ ਆਲਮ ਅਤੇ ਡੀਐਸਪੀ ਸਿਟੀ-1 ਸਤਨਾਮ ਸਿੰਘ ਦੀ ਨਿਗਰਾਨੀ ਹੇਠਾਂ ਅਮਲ ‘ਚ ਲਿਆਂਦੀ ਗਈ ਕਾਰਵਾਈ ਦੌਰਾਨ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛ-ਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।