ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ ਅਤੇ ਕੁਝ ਥਾਵਾਂ ‘ਤੇ ਬਾਰਿਸ਼ ਹੋ ਰਹੀ ਹੈ। ਪੂਰਾ ਜੰਮੂ-ਕਸ਼ਮੀਰ ਠੰਡ ਦੀ ਲਪੇਟ ‘ਚ ਹੈ। ਗੁਲਮਰਗ, ਪਹਿਲਗਾਮ, ਸੋਨਮਰਗ ਸਮੇਤ ਕਸ਼ਮੀਰ ਦੇ ਸਾਰੇ ਉਪਰਲੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਸ਼੍ਰੀਨਗਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਈ ਹੈ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਇਲਾਵਾ ਗੁਰੇਜ਼-ਬਾਂਦੀਪੋਰਾ ਹਾਈਵੇਅ, ਸ਼੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਸਮੇਤ ਕਈ ਹੋਰ ਸੜਕਾਂ ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ।
ਇਹ ਵੀ ਪਤਾ ਲੱਗਾ ਹੈ ਕਿ ਬਰਫਬਾਰੀ ਕਾਰਨ ਜੰਮੂ ਤੋਂ ਸ਼੍ਰੀਨਗਰ ਅਤੇ ਸ਼੍ਰੀਨਗਰ ਤੋਂ ਜੰਮੂ ਤੱਕ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਬਰਫ਼ ਵਿੱਚ ਫਸੇ ਵਾਹਨਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ‘ਚ ਚਿੱਲੇ ਕਲਾਂ ਦਾ ਦੌਰ ਚੱਲ ਰਿਹਾ ਹੈ ਜਿਸ ਦੀ ਸ਼ੁਰੂਆਤ 21 ਦਸੰਬਰ ਤੋਂ ਹੋਈ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਜੰਮੂ ਡਿਵੀਜ਼ਨ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਜੰਮੂ ਡਿਵੀਜ਼ਨ ਦੇ ਡੋਡਾ, ਕਿਸ਼ਤਵਾੜ, ਪੁੰਛ, ਰਾਮਬਨ ਅਤੇ ਰਿਆਸੀ ਦੇ ਉਪਰਲੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਗੁਲਮਰਗ ‘ਚ 2.3 ਫੁੱਟ ਅਤੇ ਗੁਰੇਜ਼ ‘ਚ 2.6 ਫੁੱਟ ਬਰਫਬਾਰੀ ਦਰਜ ਕੀਤੀ ਗਈ ਹੈ, ਜਦਕਿ ਸ਼੍ਰੀਨਗਰ ‘ਚ 20.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।