ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਵਲੋਂ ਬੀਤੇ ਦਿਨੀਂ ‘ਪੰਜਾਬ ਬੰਦ’ ਦੀ ਕਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਬੰਦ ਕਰਨ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਣਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨਾ ਸਹੀ ਨਹੀਂ ਹੈ ਕਿਉਂਕਿ ਜਦੋਂ ਪੰਜਾਬ ਬੰਦ ਹੋਇਆ ਤਾਂ ਲੋਕਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਵਲੋਂ ਪੰਜਾਬ ਬੰਦ ਦੀ ਕਾਲ ਦੌਰਾਨ 100 ਕਰੋੜ ਦਾ ਘਾਟਾ ਪਿਆ ਹੈ, ਜਿਸ ਦਾ ਕੇਂਦਰ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਖ਼ਿਆਲ਼ ਰੱਖਣਾ ਸਾਡਾ ਫਰਜ਼ ਹੈ ਪਰ ਇਸ ਦਾ ਸਭ ਤੋਂ ਵੱਡਾ ਹੱਲ ਕੇਂਦਰ ਸਰਕਾਰ ਨਾਲ ਗੱਲਬਾਤ ਹੀ ਹੈ।
ਕਿਸਾਨੀ ਅੰਦੋਲਨ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖ਼ੁਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਤੁਹਾਡੇ ਵਰਗੇ ਆਗੂਆਂ ਦਾ ਲੰਬੀਆਂ ਲੜਾਈਆਂ ‘ਚ ਹਾਜ਼ਰ ਰਹਿਣਾ ਜ਼ਰੂਰੀ ਹੈ। ਅਸੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹਰ ਵੇਲੇ ਚੌਕਸ ਹਾਂ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਡੱਲੇਵਾਲ ਸਾਹਿਬ ਨੂੰ ਜ਼ਬਰਦਸਤੀ ਚੁੱਕ ਲਿਆ ਜਾਵੇ ਪਰ ਉੱਥੇ ਤਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਹੀ ਨਹੀਂ ਹੈ ਅਤੇ ਕਿਸਾਨ ਸ਼ਾਂਤੀ ਨਾਲ ਬੈਠੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਕੇਂਦਰ ਵਲੋਂ ਗੱਲ ਕਰਨ ਮਗਰੋਂ ਹੀ ਸਾਰੀ ਗੱਲਬਾਤ ਨਿੱਬੜੇਗੀ ਅਤੇ ਕੇਂਦਰ ਪੰਜਾਬ ਸਰਕਾਰ ਨੂੰ ਐਵੇਂ ਹੀ ਵਿੱਚ ਲਿਆਈ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ 8-8 ਘੰਟੇ ਕਿਸਾਨਾਂ ਨਾਲ ਮੀਟਿੰਗਾਂ ਕਰਦਾ ਹੀ ਰਹਿੰਦਾ ਹਾਂ ਪਰ ਕੇਂਦਰ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਹੀ ਅਤੇ ਕਿਸਾਨਾਂ ਦੇ ਸਾਰੇ ਮਸਲੇ ਕੇਂਦਰ ਨਾਲ ਹਨ ਅਤੇ ਕੇਂਦਰ ਕਿਸਾਨਾਂ ਨਾਲ ਗੱਲਬਾਤ ਤੋਂ ਘਬਰਾ ਰਹੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦਿਆਂ ਅਸੀਂ ਖ਼ਨੌਰੀ ਮੋਰਚੇ ਦੇ ਨੇੜੇ ਹਵੇਲੀ ਨੂੰ ਹਸਪਤਾਲ ਬਣਾਇਆ ਹੋਇਆ ਹੈ ਅਤੇ ਮੈਡੀਕਲ ਤੌਰ ‘ਤੇ ਅਸੀਂ ਉਨ੍ਹਾਂ ਨੂੰ ਕੋਈ ਕਮੀ ਨਹੀਂ ਛੱਡਾਂਗੇ। ਡੱਲੇਵਾਲ ਸਾਹਿਬ ‘ਚ ਬੜਾ ਸਿਦਕ ਹੈ, ਜਿਹੜਾ ਉਹ ਇੰਨੇ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ।