ਚੰਡੀਗੜ੍ਹ, 18 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ’ਚ ਚੱਲ ਰਹੇ ਤਖ਼ਤਾ ਪਲਟ ਦੇ ਘਟਨਾਚੱਕਰ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਪੰਜਾਬ ਦੇ ਰਾਜਪਾਲ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਹਰੀਸ਼ ਰਾਵਤ, ਅਜੇ ਮਾਕਨ ਤੇ 78 ਵਿਧਾਇਕ ਮੌਜੂਦ ਸਨ। ਵਿਧਾਇਕ ਦਲ ਦੀ ਬੈਠਕ ’ਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਾਂਗਰਸ ਹਾਈਕਮਾਨ ’ਤੇ ਛੱਡ ਦਿੱਤਾ ਗਿਆ ਹੈ। ਮਾਕਨ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਦੋ ਮਤਿਆਂ ‘ਤੇ ਸਹਿਮਤੀ ਬਣਾਈ ਗਈ ਹੈ ਪਹਿਲਾਂ ਮਤਾ ਮੇਰੇ ਵੱਲੋਂ ਪੇਸ਼ ਕੀਤਾ ਗਿਆ ਸੀ |
ਜਿਸ ‘ਚ ਕੈਪਟਨ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਉਥੇ ਦੂਜਾ ਮਤਾ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤਾ ਗਿਆ। ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤੇ ਗਏ ਮਤਾ ‘ਚ ਕਿਹਾ ਗਿਆ ਕਿ ਮੁੱਖ ਮੰਤਰੀ ਚਿਹਰੇ ਲਈ ਕਾਂਗਰਸ ਹਾਈ ਕਮਾਂਡ ਜੋ ਵੀ ਫੈਸਲਾ ਲਵੇਗੀ ਉਹ ਸਾਨੂੰ ਮਨਜ਼ੂਰ ਹੋਵੇਗਾ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ, ਵਿਧਾਇਕ ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਜਾਂ ਫਿਰ ਸੁਨੀਲ ਜਾਖੜ ‘ਚੋਂ ਕਿਸੇ ਇਕ ਦੇ ਨਾਂ ‘ਤੇ ਮੁੱਖ ਮੰਤਰੀ ਬਣਾਉਣ ਦੀ ਮੋਹਰ ਲੱਗ ਸਕਦੀ ਹੈ।