ਸੰਗਰੂਰ : ਸ਼ੰਭੂ ਅਤੇ ਖ਼ਨੌਰੀ ਬਾਰਡਰ ‘ਤੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਦੇ ਤਹਿਤ ਕਿਸਾਨ ਜੱਥੇਬੰਦੀਆਂ ਵਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੇਕਰ 30 ਦਸੰਬਰ ਨੂੰ ਤੁਹਾਡਾ ਵੀ ਕਿਤੇ ਆਉਣ-ਜਾਣ ਦਾ ਪ੍ਰੋਗਰਾਮ ਹੈ ਤਾਂ ਤੁਹਾਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਪੰਜਾਬ ਬੰਦ’ ਨੂੰ ਲੈ ਕੇ ਅੱਜ ਖ਼ਨੌਰੀ ਬਾਰਡਰ ‘ਤੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ।
ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੋਮਵਾਰ ਮਤਲਬ ਕਿ 30 ਦਸੰਬਰ ਨੂੰ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਬੰਦ ਰੱਖੇ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਮੁਲਾਜ਼ਮ ਯੂਨੀਅਨਾਂ ਦਾ ਵੀ ਸਮਰਥਨ ਮਿਲਿਆ ਹੈ। ਹਰ ਪਿੰਡ ‘ਚ ਪੰਜਾਬ ਬੰਦ ਨੂੰ ਲੈ ਕੇ ਅਨਾਊਂਸਮੈਂਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਜੱਥੇਬੰਦੀ ਦਾ ਸਾਨੂੰ ਸਮਰਥਨ ਮਿਲ ਰਿਹਾ ਹੈ ਅਤੇ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਅਸੀਂ ਬੰਦ ਦੀ ਕਾਲ ਦਿੱਤੀ ਹੈ। ਮੀਟਿੰਗ ‘ਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਭਲਕੇ ਕਿਸਾਨ ਪਿੰਡਾਂ-ਪਿੰਡਾਂ ‘ਚ ਜਾ ਕੇ ਪੰਜਾਬ ਬੰਦ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰਨਗੇ।
ਪੰਧੇਰ ਨੇ ਕਿਹਾ ਕਿ ਪੂਰੇ ਪੰਜਾਬ ‘ਚ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇਗੀ। ਸਾਨੂੰ ਨਹੀਂ ਲੱਗਦਾ ਕਿ 3 ਕਰੋੜ ਪੰਜਾਬੀਆਂ ਨੂੰ ਕਿਤੇ ਬੰਦ ਕਰਾਉਣ ਦੀ ਲੋੜ ਪਵੇਗੀ। ਉਨ੍ਹਾਂ ਦੀਆਂ ਭਾਵਨਾਵਾਂ ਮੋਰਚੇ ਨਾਲ ਜੁੜ ਗਈਆਂ ਹਨ ਅਤੇ ਇਸ ਲਈ ਉਹ ਖ਼ੁਦ ਨੂੰ ਬੰਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬੰਦ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ।