ਸ਼ੰਭੂ/ਅੰਬਾਲਾ, ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਜਾਣ ਵੇਲੇ ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲੀਸ ਨੇ ਸਖਤੀ ਕੀਤੀ। ਇਸ ਮੌਕੇ ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਿਸ ਕਾਰਨ 15 ਕਿਸਾਨ ਜ਼ਖ਼ਮੀ ਹੋ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਕਿਸਾਨ ਦੇ ਰਬੜ ਦੀ ਗੋਲੀ ਵੱਜੀ ਹੈ। ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲੀਸ ਵੱਲੋਂ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ।
ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਨੇ ਦਿੱਲੀ ਕੂਚ ਕਰਨ ਵਾਲੇ 101 ਕਿਸਾਨਾਂ ਦੇ ਤੀਜੇ ਜਥੇ ਨੂੰ ਵਾਪਸ ਬੁਲਾ ਲਿਆ ਹੈ ਜਿਸ ਤਹਿਤ ਜਥਾ ਵਾਪਸ ਧਰਨੇ ਵਾਲੇ ਕੈਂਪ ਵਿੱਚ ਚਲਾ ਗਿਆ ਹੈ। ਇਸ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਵੱਲੋਂ ਸ਼ਾਮੀ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਦੇ ਕਿਸਾਨ ਜਥੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਦਿੱਤੀ।