ਕਰਤਾਰਪੁਰ – ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਬੰਦ ਕਰਨ ਲਈ ਜੇਕਰ ਅਸੀਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਵਿਸ਼ੇਸ਼ ਕਰ ਸਾਡੀਆਂ ਮਾਵਾਂ-ਭੈਣਾਂ ਇਸ ਕੰਮ ਲਈ ਹੰਬਲਾ ਮਾਰਨ ਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਸੂਬੇ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਰਤਾਰਪੁਰ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪ੍ਰੈੱਸ ਮਿਲਣੀ ਦੌਰਾਨ ਪੰਜਾਬ ਦੇ ਰਾਜਪਾਲ ਗੋਪਾਲ ਚੰਦ ਕਟਾਰੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਜੋਕਿ ਬਹਾਦਰਾਂ, ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿੱਥੋਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਸਿਰਫ਼ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਮੌਜੂਦਾ ਹਾਲਾਤ ਵਿੱਚ ਨੌਜਵਾਨ ਜਾਂ ਤਾਂ ਨਸ਼ੇ ਵਿਚ ਗਰਕ ਹੋ ਰਹੇ ਹਨ ਜਾਂ ਵਿਦੇਸ਼ਾਂ ਨੂੰ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਲਗਾਤਾਰ ਖੋਖਲਾ ਹੋ ਰਿਹਾ ਹੈ। ਅੱਜ ਜ਼ਰੂਰਤ ਹੈ ਇਸ ਹਰੇ ਭਰੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ। ਇਸ ਦੇ ਲਈ ਸਾਨੂੰ ਆਪਣੇ ਬੱਚਿਆਂ ਖ਼ਾਸ ਕਰਕੇ 10 ਤੋਂ 18 ਸਾਲ ਤੱਕ ਦੀ ਉਮਰ ਤੱਕ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਨੂੰ ਲੈ ਕੇ ਰਾਜਪਾਲ ਦਾ ਵੱਡਾ ਬਿਆਨ
