ਲੰਬੀ, ਪਿੰਡ ਕਿੱਲਿਆਂਵਾਲੀ ਦੇ ਸੈਂਕੜੇ ਲੋਕਾਂ ਨੇ 6 ਦਸੰਬਰ ਦੀ ਰਾਤ ਨੂੰ ਕਤਲ ਕੀਤੇ ਨੌਜਵਾਨ ਵਿਕਰਮ ਸਿੰਘ ਦੀ ਲਾਸ਼ ਅੱਜ ਡੱਬਵਾਲੀ-ਮਲੋਟ ਐਨਐਚ-9 ‘ਤੇ ਰੱਖ ਕੇ ਸੜਕ ਉੱਪਰ ਧਰਨਾ ਲਗਾ ਦਿੱਤਾ ਹੈ। ਐਨਐਚ ਉੱਪਰ ਧਰਨਾ ਲੱਗਣ ਦੇ ਦੋ ਘੰਟੇ ਬਾਅਦ ਵੀ ਪੰਜਾਬ ਪੁਲੀਸ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ ਸੀ।
ਲੋਕਾਂ ਦਾ ਰੋਸ ਹੈ ਕਿ ਘਟਨਾ ਦੇ ਤੀਸਰੇ ਦਿਨ ਤੱਕ ਹੱਤਿਆਕਾਂਡ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਅੱਠ ਜਣਿਆਂ ਨੂੰ ਨਾਮਜ਼ਦ ਕਰਕੇ ਕੁੱਲ 13 ਜਣਿਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਜ਼ਾਹਰਾਕਾਰੀ ਫ਼ੌਰੀ ਤੌਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਹੱਤਿਆਕਾਂਡ ਸਿੱਧੇ ਤੌਰ ‘ਤੇ ਨਸ਼ਿਆਂ ਦੇ ਵਿਰੋਧ ਨਾਲ ਜੁੜਿਆ ਹੋਇਆ ਹੈ। ਪੁਲੀਸ ਨੇ ਹੱਤਿਆ ਸਬੰਧੀ ਦਰਜ ਐਫਆਈਆਰ ਵਿਚ ਨਸ਼ਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਜਦਕਿ ਪੁਲਿਸ ਨੂੰ ਨਸ਼ਿਆਂ ਸਬੰਧੀ ਬਿਆਨ ਦਿੱਤੇ ਗਏ ਸਨ।
ਜ਼ਿਕਰਯੋਗ ਪਿੰਡ ਕਿੱਲਿਆਂਵਾਲੀ ਵਿਖੇ ਵਿਕਰਮ ਸਿੰਘ ਨੂੰ ਬੀਤੀ 6 ਦਸੰਬਰ ਦੀ ਰਾਤ ਨੂੰ ਘਰੋਂ ਬਾਹਰ ਬੁਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।