ਲੁਧਿਆਣਾ – ਬੀਤੇ ਦਿਨ ਗੈਂਸਗਟਰ ਅਤੇ ਨਸ਼ਾ ਸਮੱਗਲਰ ਵਿਜੇ ਮਸੀਹ ਨੇ ਉਸ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ਕਰ ਕੇ ਥਾਣੇਦਾਰ ਸਮੇਤ 3 ਪੁਲਸ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ ਸੀ, ਜਦਕਿ ਛੱਤ ਤੋਂ ਫਰਾਰ ਹੁੰਦੇ ਸਮੇਂ ਵਿਜੇ ਮਸੀਹ ਖੁਦ ਜ਼ਮੀਨ ’ਤੇ ਡਿੱਗ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਸਾਰਿਆਂ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਹੈ। ਤੇਜ਼ਧਾਰ ਹਥਿਆਰ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨ ਵਾਲੇ ਵਿਜੇ ਦੇ 11 ਸਾਥੀਆਂ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ। ਨਸ਼ਾ ਅਤੇ ਹਥਿਅਰਾਂ ਦਾ ਸਮੱਗਲਰ ਵਿਜੇ ਮਸੀਹ, ਜਿਸ ’ਤੇ ਪਹਿਲਾਂ ਤੋਂ ਹੀ ਇਰਾਦਾ ਕਤਲ ਅਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਵਰਗੇ ਮਾਮਲੇ ਦਰਜ ਹਨ, ਆਏ ਦਿਨ ਪੁਲਸ ਨੂੰ ਚੁਣੌਤੀ ਦੇ ਰਿਹਾ ਸੀ।
ਬੀਤੇ ਦਿਨ ਜਦ ਰਾਤ ਨੂੰ ਪੁਲਸ ਨੂੰ ਉਸ ਨੂੰ ਫੜਨ ਗਈ ਤਾਂ ਵਿਜੇ ਨੇ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਪੁਲਸ ਪਾਰਟੀ ’ਤੇ ਹਮਲਾ ਕਰ ਕੇ 4 ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋਣ ਦੇ ਚੱਕਰ ’ਚ ਛੱਤ ਤੋਂ ਡਿੱਗ ਕੇ ਖੁਦ ਵੀ ਜ਼ਖਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੁਲਸ ਨੂੰ ਚੁਣੌਤੀ ਦੇਣ ਵਾਲਾ ਹੁਣ ਹਸਪਤਾਲ ’ਚ ਪਿਆ ਦੱਸ ਰਿਹੈ ਆਪਣੀ ਦਾਸਤਾਨ
ਪੁਲਸ ਨੂੰ ਆਏ ਦਿਨ ਚੁਣੌਤੀ ਦੇਣ ਵਾਲੇ ਗੈਂਗਸਟਰ ਵਿਜੇ ਮਸੀਹ ਦੀ ਹੁਣ ਪੂਰੀ ਤਰ੍ਹਾਂ ਹੈਂਕੜ ਨਿਕਲ ਗਈ ਹੈ, ਉਹ ਹਸਪਤਾਲ ਦੇ ਬੈੱਡ ’ਤੇ ਪਿਆ ਪੱਤਰਕਾਰਾਂ ਨੂੰ ਆਪਣੀ ਦਾਸਤਾਨ ਸੁਣਾ ਰਿਹਾ ਹੈ। ਬੀਤੇ ਦਿਨੀਂ ਐੱਸ. ਐੱਸ. ਪੀ. ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਪੱਤਰਕਾਰ ਸੰਮੇਲਨ ’ਚ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਪੁਲਸ ਨੂੰ ਚੁਣੌਤੀ ਦੇਣ ਵਾਲਿਆਂ ਦਾ ਇਸ ਤਰ੍ਹਾਂ ਹੀ ਹਰਸ਼ ਹੋਵੇਗਾ। ਉਨ੍ਹਾਂ ਨੇ ਫਿਲੌਰ ਪੁਲਸ ਦੀ ਸ਼ਲਾਘਾ ਕਰਦਿਅਾਂ ਕਿਹਾ ਕਿ ਮੁਲਾਜ਼ਮ ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਬਹਾਦਰੀ ਨਾਲ ਡਟੇ ਰਹੇ ਅਤੇ ਗੈਂਗਸਟਰ ਨੂੰ ਭੱਜਣ ਨਹੀਂ ਦਿੱਤਾ।