ਮੋਹਾਲੀ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਮਰਪਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਹਨ। 23 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਫਾਂਸੀ ਹੋਈ ਸੀ ਅਤੇ ਉਹ ਹਮੇਸ਼ਾ 23 ਸਾਲ ਦੇ ਹੀ ਰਹਿਣਗੇ। ਆਉਣ ਵਾਲੇ 500 ਸਾਲ ਬਾਅਦ ਵੀ ਸ. ਭਗਤ ਸਿੰਘ ਨੌਜਵਾਨਾਂ ਲਈ ਰੋਲ ਮਾਡਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਯੋਧੇ ਨੇ 23 ਸਾਲ ਦੀ ਛੋਟੀ ਜਿਹੀ ਉਮਰ ‘ਚ ਜੋ ਕਰ ਦਿੱਤਾ, ਇਸ ਕਾਰਨ ਉਹ ਹਮੇਸ਼ਾ ਜਿਊਂਦਾ ਰਹੇਗਾ ਕਿਉਂਕਿ ਉਨ੍ਹਾਂ ਦੇ ਖ਼ਿਆਲ ਬਹੁਤ ਵੱਡੇ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਬੁੱਤ ਨੂੰ ਲੋਕ ਅਰਪਣ ਕਰਨ ਲਈ ਆਏ ਹਾਂ।
ਪਹਿਲਾਂ ਤਾਂ ਏਅਰਪੋਰਟ ਦਾ ਨਾਂ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀ ਕਿਉਂਕਿ ਉਨ੍ਹਾਂ ਨੂੰ ਸ. ਭਗਤ ਸਿੰਘ ਬਾਰੇ ਕੋਈ ਦਿਲਚਸਪੀ ਨਹੀਂ ਸੀ ਪਰ ਸਾਡੀ ਸਰਕਾਰ ਨੇ ਆਉਣ ਸਾਰ ਹੀ ਕੇਂਦਰ ਸਰਕਾਰ ਨਾਲ ਗੱਲ ਕੀਤੀ ਅਤੇ ਤੁਰੰਤ ਪ੍ਰਵਾਨਗੀ ਲਈ ਗਈ। ਉਨ੍ਹਾਂ ਦੱਸਿਆ ਕਿ ਇਹ ਬੁੱਤ ਜੈਪੁਰ ਤੋਂ 5 ਕਰੋੜ ਦੀ ਲਾਗਤ ਨਾਲ ਬਣਾ ਕੇ ਲਿਆਂਦਾ ਗਿਆ ਹੈ, ਜਿਹੜਾ ਪਰਦਾ ਅੱਜ ਚੁੱਕਿਆ ਗਿਆ ਹੈ, ਉਸ ਸਬੰਧੀ ਟੈਕਨੀਕਲ ਟੀਮ ਹੈਦਰਾਬਾਦ ਤੋਂ ਆਈ ਹੈ। ਇੰਨਾ ਲਈ ਤਾਂ ਜਿੰਨਾ ਅਸੀਂ ਕਰ ਲਈਏ, ਓਨਾ ਹੀ ਘੱਟ ਹੈ ਕਿਉਂਕਿ ਇਨ੍ਹਾਂ ਕਰਕੇ ਹੀ ਅਸੀਂ ਆਜ਼ਾਦ ਫ਼ਿਜ਼ਾ ‘ਚ ਸਾਹ ਲੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਲੋਕ ਅਰਪਣ ਹੋਇਆ ਹੈ ਅਤੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਹਨ।