ਮੁੰਬਈ : ਮਹਾਰਾਸ਼ਟਰ ਦੇ ਦਿੱਗਜ ਨੇਤਾ ਬਾਬਾ ਸਿੱਦੀਕੀ ਦੇ ਕਤਲ ਦਾ ਮਾਮਲਾ ਸੁਲਝ ਨਹੀਂ ਰਿਹਾ ਹੈ। ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ, ਹੁਣ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ੀ ਗੌਰਵ ਵਿਲਾਸ ਅਪੁਨੇ ਨੇ ਦੱਸਿਆ ਹੈ ਕਿ ਉਸ ਕੋਲ ਐੱਨਸੀਪੀ ਸਿਆਸਤਦਾਨ ਦੇ ਕਤਲ ਲਈ ਬੈਕਅੱਪ ਵਜੋਂ “ਪਲਾਨ ਬੀ” ਵੀ ਸੀ। ਦੋ ਦਿਨ ਪਹਿਲਾਂ ਹੀ ਗੌਰਵ ਵਿਲਾਸ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਹ ਹਾਈ-ਪ੍ਰੋਫਾਈਲ ਬਾਬਾ ਸਿੱਦੀਕੀ ਕਤਲ ਕੇਸ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ 16ਵਾਂ ਮੁਲਜ਼ਮ ਸੀ। ਉਹ ਲੋੜੀਂਦੇ ਮੁਲਜ਼ਮ ਸ਼ੁਭਮ ਲੋਨਕਰ ਅਤੇ ਗ੍ਰਿਫ਼ਤਾਰ ਮੁਲਜ਼ਮ ਰਾਮ ਕਨੌਜੀਆ ਦੇ ਸਿੱਧੇ ਸੰਪਰਕ ਵਿੱਚ ਸੀ।
‘ਯੋਜਨਾ ‘ਚ ਨਿਸ਼ਾਨੇਬਾਜ਼ ਵਜੋਂ ਚੁਣਿਆ ਗਿਆ ਸੀ ਬੈਕਅੱਪ’
ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਬੈਕਅੱਪ ਪਲਾਨ ‘ਚ ਸ਼ੂਟਰ ਚੁਣਿਆ ਗਿਆ ਸੀ। ਉਹ ਪਹਿਲਾਂ ਤੋਂ ਗ੍ਰਿਫ਼ਤਾਰ ਮੁਲਜ਼ਮ ਰੁਪੇਸ਼ ਮੋਹੋਲ ਨਾਲ ਝਾਰਖੰਡ ਗਿਆ ਅਤੇ ਕਈ ਰਾਉਂਡ ਫਾਇਰਿੰਗ ਦਾ ਅਭਿਆਸ ਕੀਤਾ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮਾਸਟਰਮਾਈਂਡ ਸ਼ੁਭਮ ਲੋਨਕਰ ਨੇ ਝਾਰਖੰਡ ਭੇਜਿਆ ਸੀ, ਜਿਸ ਨੇ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਸਨ।
ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਅਪੁਨੇ ਅਤੇ ਮੋਹੋਲ ਨੇ 28 ਜੁਲਾਈ ਨੂੰ ਝਾਰਖੰਡ ਜਾ ਕੇ ਇਕ ਦਿਨ ਗੋਲ਼ੀਬਾਰੀ ਦਾ ਅਭਿਆਸ ਕੀਤਾ। ਅਗਲੇ ਦਿਨ ਉਹ ਪੁਣੇ ਵਾਪਸ ਆ ਗਿਆ ਅਤੇ ਲੋਨਕਰ ਦੇ ਸੰਪਰਕ ਵਿੱਚ ਰਿਹਾ।
ਕੀ ਹੈ ਪਲਾਨ B
ਝਾਰਖੰਡ ਲਈ ਰਵਾਨਾ ਹੋਣ ਤੋਂ ਪਹਿਲਾਂ, ਅਪੁਨੇ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਮੱਧ ਪ੍ਰਦੇਸ਼ ਦੇ ਉਜੈਨ ਜਾ ਰਿਹਾ ਸੀ, ਜਾਂਚ ਤੋਂ ਪਤਾ ਲੱਗਾ ਕਿ “ਪਲਾਨ ਏ” ਫੇਲ੍ਹ ਹੋਣ ‘ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੱਟੋ-ਘੱਟ ਛੇ ਨਿਸ਼ਾਨੇਬਾਜ਼ ਰੱਖੇ ਗਏ ਸਨ।
ਪੁੱਛ-ਗਿੱਛ ਦੌਰਾਨ ਗੌਰਵ ਨੇ ਦੱਸਿਆ ਕਿ ਜੇਕਰ ਬਾਬਾ ਨੂੰ ਮਾਰਨ ਦਾ ਪਲਾਨ ਏ ਫੇਲ੍ਹ ਹੋ ਗਿਆ ਤਾਂ ਬੈਕਅੱਪ ਲਈ ਪਲਾਨ ਬੀ ਤਿਆਰ ਕੀਤਾ ਗਿਆ। ਕਤਲ ਨੂੰ ਅੰਜਾਮ ਦੇਣ ਲਈ 25-25 ਲੱਖ ਰੁਪਏ, ਇੱਕ ਅਪਾਰਟਮੈਂਟ, ਇੱਕ ਕਾਰ ਅਤੇ ਦੁਬਈ ਦੀ ਯਾਤਰਾ ਦਾ ਵਾਅਦਾ ਕੀਤਾ ਗਿਆ ਸੀ।