Punjabi singer AP Dhillon: ਕੈਨੇਡਾ: ਗਾਇਕ ਏਪੀ ਢਿਲੋਂ ਦੇ ਘਰ ਗੋਲੀਬਾਰੀ ਦਾ ਇਕ ਸ਼ੱਕੀ ਕਾਬੂ

ਵੈਨਕੂਵਰ, ਦੋ ਮਹੀਨੇ ਪਹਿਲਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਪੰਜਾਬੀ ਗਾਇਕ ਤੇ ਰੈਪਰ ਏਪੀ ਢਿਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਨੇ ਅਭਿਜੀਤ ਕਿੰਗਰਾ (25) ਨੂੰ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਮੰਨਣਾ ਹੈ ਕਿ ਉਸ ਦਾ ਵਿਨੀਪੈੱਗ ਰਹਿੰਦਾ ਰਿਹਾ ਸਾਥੀ ਵਿਕਰਮ ਸ਼ਰਮਾ (23) ਵਾਰਦਾਤ ਤੋਂ ਬਾਅਦ ਮੌਕਾ ਤਾੜ ਕੇ ਭਾਰਤ ਭੱਜ ਗਿਆ ਹੈ।

ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੇ ਨਾਂਅ ਹੇਠ ਇਹ ਕਹਿ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਐਕਟਰ ਸਲਮਾਨ ਖਾਨ ਦਾ ਸਾਥੀ ਹੋਣ ਕਰਕੇ ਏਪੀ ਢਿਲੋਂ ਨੂੰ ਟ੍ਰਲੇਰ ਵਿਖਾਇਆ ਗਿਆ ਹੈ ਕਿ ਉਸ ਦਾ ਕੀ ਹਸ਼ਰ ਕੀਤਾ ਜਾ ਸਕਦਾ ਹੈ। ਬੀਤੀ 2 ਸਤੰਬਰ ਦੀ ਰਾਤ 9.30 ਵਜੇ ਗਾਇਕ ਢਿੱਲੋਂ ਦੇ ਵਿਕਟੋਰੀਆ ਸ਼ਹਿਰ ਦੇ ਕੋਲਵੁੱਡ ਖੇਤਰ ਵਿਚਲੇ ਘਰ ’ਤੇ ਕਈ ਗੋਲੀਆਂ ਚੱਲੀਆਂ ਸਨ।

ਘਟਨਾ ਤੋਂ ਬਾਅਦ ਦੋ ਜਣੇ ਉਥੋਂ ਭੱਜੇ ਤੇ ਥੋੜੀ ਦੂਰ ਜਾ ਕੇ ਆਪਣੀਆਂ ਚੋਰੀ ਦੀਆਂ ਕਾਰਾਂ ਨੂੰ ਅੱਗ ਲਾ ਕੇ ਫਰਾਰ ਹੋ ਗਏ ਸਨ। ਅਗਲੇ ਦਿਨ ਗਾਇਕ ਢਿਲੋਂ ਨੇ ਐਕਸ ਤੇ ਪੋਸਟ ਪਾ ਕੇ ਆਪਣੇ ਠੀਕ ਠਾਕ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਹ ਘਬਰਾਉਣ ਵਾਲਾ ਨਹੀਂ ਤੇ ਨਾ ਹੀ ਆਪਣੇ ਕਿਸੇ ਸਟੈਂਡ ਤੋਂ ਪਿੱਛੇ ਹਟੇਗਾ। ਪੁਲੀਸ ਨੂੰ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਕੁਝ ਫੁਟੇਜ ਮਿਲੀਆਂ, ਜਿਸ ਦੇ ਅਧਾਰ ਤੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ। ਪੁਲੀਸ ਦਾ ਮੰਨਣਾ ਹੈ ਕਿ ਪਛਾਣੇ ਜਾਣ ਦੇ ਖਦਸ਼ੇ ਕਾਰਨ ਵਿਕਰਮ ਸ਼ਰਮਾ ਦੇ ਘਟਨਾ ਤੋਂ ਥੋੜੇ ਦਿਨ ਬਾਅਦ ਭਾਰਤ ਭੱਜਣ ਦੇ ਸੰਕੇਤ ਮਿਲੇ ਹਨ।

Leave a Reply

Your email address will not be published. Required fields are marked *