ਨਵੀਂ ਦਿੱਲੀ : ਅਮਰੀਕਾ ਨੇ ਆਪਣੇ ਇੱਥੇ ਨਾਜਾਇਜ਼ ਤੌਰ ’ਤੇ ਰਹਿ ਰਹੇ ਕਰੀਬ 1100 ਭਾਰਤੀਆਂ ਨੂੰ ਪਿਛਲੇ ਇਕ ਸਾਲ ਦੌਰਾਨ ਵਤਨ ਵਾਪਸ ਭੇਜਿਆ ਹੈ। ਇਨ੍ਹਾਂ ਲੋਕਾਂ ਨੂੰ 30 ਸਤੰਬਰ ਨੂੰ ਖ਼ਤਮ ਹੋਏ ਅਮਰੀਕੀ ਵਿੱਤੀ ਸਾਲ 2023-24 ਦੌਰਾਨ ਚਾਰਟਰ ਤੇ ਵਪਾਰਕ ਉਡਾਣਾਂ ਰਾਹੀਂ ਭਾਰਤ ਭੇਜਿਆ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਡੀਐੱਚਐੱਸ ’ਚ ਸਰਹੱਦ ਤੇ ਇਮੀਗ੍ਰੇਸ਼ਨ ਨੀਤੀ ਅਧਿਕਾਰੀ ਰਾਇਸ ਮਰੇ ਨੇ ਇਕ ਵਰਚੂਅਲ ਬ੍ਰੀਫਿੰਗ ’ਚ ਇਕ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਤੋਂ 22 ਅਕਤੂਬਰ ਦੀ ਇਕ ਚਾਰਟਰ ਫਲਾਈਟ ਬਾਰੇ ਪੁੱਛਿਆ ਗਿਆ, ਜਿਸ ਰਾਹੀਂ ਭਾਰਤੀਆਂ ਨੂੰ ਵਤਨ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਉਡਾਣ ’ਚ ਕੋਈ ਵੀ ਨਾਬਾਲਗ ਨਹੀਂ ਸੀ। ਇਨ੍ਹਾਂ ’ਚ ਸਾਰੇ ਬਾਲਿਗ ਮਰਦ ਤੇ ਔਰਤਾਂ ਸਨ। ਦੱਸਿਆ ਕਿ 22 ਅਕਤੂਬਰ ਨੂੰ ਚਾਰਟਰ ਜਹਾਜ਼ ਪੰਜਾਬ ’ਚ ਉਤਰਿਆ ਸੀ। ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਹੜੀ ਥਾਂ ਤੋਂ ਇਸ ਜਹਾਜ਼ ਨੇ ਉਡਾਣ ਭਰੀ ਸੀ। ਇਹ ਬ੍ਰੀਫਿੰਗ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਲਈ ਕੀਤੀ ਗਈ ਸੀ। ਬ੍ਰੀਫਿੰਗ ਅਜਿਹੇ ਸਮੇਂ ਕੀਤੀ ਗਈ, ਜਦੋਂ ਕੁਝ ਦਿਨ ਪਹਿਲਾਂ ਹੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੇਸ਼ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਭਾਰਤੀਆਂ ਨੂੰ ਵਤਨ ਭੇਜਿਆ ਗਿਆ ਹੈ।