ਬਨਾਸਕਾਂਠਾ- ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ‘ਚ ਸੋਮਵਾਰ ਸਵੇਰੇ ਅੰਬਾਜੀ ਮੰਦਰ ਸ਼ਹਿਰ ਤੋਂ ਤੀਰਥਯਾਤਰੀਆਂ ਨੂੰ ਲਿਜਾ ਰਹੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਕਰੀਬ 50 ਤੀਰਥ ਯਾਤਰੀਆਂ ਨੂੰ ਲੈ ਕੇ ਖੇੜਾ ਜ਼ਿਲ੍ਹੇ ਦੇ ਕਠਲਾਲ ਜਾ ਰਹੀ ਸੀ। ਯਾਤਰੀ ਅੰਬਾਜੀ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਪਰਤ ਰਹੇ ਸਨ।
ਬੱਸ ਪਵਿੱਤਰ ਸ਼ਹਿਰ ਅੰਬਾਜੀ ਤੋਂ ਆਉਂਦੇ ਸਮੇਂ ਪਹਾੜੀ ਸੜਕ ‘ਤੇ ਉਤਰ ਰਹੀ ਸੀ, ਉਦੋਂ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਜਿਸ ਕਾਰਨ ਬੱਸ ਪਲਟ ਗਈ। ਪੁਲਸ ਸੁਪਰਡੈਂਟ ਅਜੇ ਰਾਜ ਨੇ ਦੱਸਿਆ,”ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।” ਉਨ੍ਹਾਂ ਦੱਸਿਆ ਕਿ 9 ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਦੋਂ ਕਿ 25 ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।