ਭਲਕੇ ਹੋਣ ਜਾ ਰਹੀ ਬੈਠਕ ਨੂੰ ਲੈ ਕੇ ਬਲਬੀਰ ਰਾਜੇਵਾਲ ਦੀ ਸਿਆਸੀ ਪਾਰਟੀਆਂ ਨੂੰ ਤਾਕੀਦ

rajewal/nawanpunjab.com

ਨਵੀਂ ਦਿੱਲੀ, 9 ਸਤੰਬਰ (ਦਲਜੀਤ ਸਿੰਘ)- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣੀਆਂ ਪੰਜਾਬ ਦੀਆਂ 32 ਕਿਸਾਨਾਂ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਚਾਰ-ਚਰਚਾ ਕਰਨ ਦੇ ਸੱਦੇ ਨੂੰ ਕਬੂਲਦਿਆਂ ਭਾਜਪਾ ਨੂੰ ਛੱਡ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੈਠਕ ਦਾ ਸੱਦਾ ਦਿੱਤਾ ਹੈ। ਇਹ ਬੈਠਕ ਚੰਡੀਗੜ੍ਹ ਦੇ ਸੈਕਟਰ-36 ’ਚ ਪੀਪਲਜ਼ ਕਨਵੈਨਸ਼ਨ ਹਾਲ ’ਚ ਭਲਕੇ ਸੱਦੀ ਗਈ। ਇਸ ਬੈਠਕ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਲਾਈਵ ਹੋ ਕੇ ਸਿਆਸੀ ਪਾਰਟੀਆਂ ਨੂੰ ਤਾਕੀਦ ਕੀਤੀ ਹੈ ਕਿ ਬੈਠਕ ’ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ-ਆਪਣੀ ਪਾਰਟੀ ਦੇ 5-5 ਨੁਮਾਇੰਦਿਆਂ ਦੀ ਸੂਚੀ, ਜੋ ਭਲਕੇ ਬੈਠਕ ’ਚ ਸ਼ਾਮਲ ਹੋਣਗੇ, ਜਥੇਬੰਦੀਆਂ ਨੂੰ ਸੌਂਪੀ ਜਾਵੇ। ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ ਕਿ ਪੰਜਾਬ ’ਚ ਅਜੇ ਵੀ ਵਿਧਾਨ ਸਭਾ ਚੋਣਾਂ ’ਚ ਕਈ ਮਹੀਨੇ ਬਾਕੀ ਰਹਿੰਦੇ ਹਨ, ਜਿਸ ਕਾਰਨ ਸਿਆਸੀ ਪਾਰਟੀਆਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਧਿਆਨ ’ਚ ਰੱਖਦਿਆਂ ਹੋਇਆ ਸਿਆਸੀ ਸਮਾਗਮਾਂ ਲਈ ਕੋਈ ਨਵਾਂ ਪਲਾਨ ਬਣਾਉਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋਵੇ।

ਰਾਜੇਵਾਲ ਨੇ ਅੱਗੇ ਕਿਹਾ ਕਿ ਕਰਨਾਲ ’ਚ ਜੋ ਲਾਠੀਚਾਰਜ ਕਿਸਾਨਾਂ ’ਤੇ ਹੋਇਆ ਸੀ, ਉਸ ਵਿਰੁੱਧ ਲੋਕਾਂ ’ਚ ਰੋਹ ਹੈ। ਮਿੰਨੀ ਸਕੱਤਰੇਤ ਕਰਨਾਲ ਦੇ ਬਾਹਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਰਾਜੇਵਾਲ ਨੇ ਕਿਹਾ ਕਿ ਕਰਨਾਲ ਲਾਠੀਚਾਰਜ ਨੂੰ ਲੈ ਕੇ ਸਰਕਾਰ ਦੀ ਮੰਸ਼ਾ ਹੈ ਕਿ ਅੰਦੋਲਨ ਨੂੰ ਦੋ ਹਿੱਸਿਆਂ ’ਚ ਵੰਡਿਆ ਜਾਵੇ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਕੁਝ ਕਿਸਾਨ ਕਰਨਾਲ ਧਰਨੇ ’ਚ ਰਹਿਣਗੇ ਅਤੇ ਕੁਝ ਦਿੱਲੀ ਧਰਨੇ ’ਤੇ ਜਾਣਗੇ।
ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ਵਿਖੇ ਭਾਜਪਾ ਦੀ ਬੈਠਕ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਕਰਨਾਲ ਵਿਚ ਹੋਏ ਲਾਠੀਚਾਰਜ ਦੇ ਵਿਰੁੱਧ ਮੰਗਲਵਾਰ ਨੂੰ ਇਹ ਪ੍ਰਦਰਸ਼ਨ ਕੀਤਾ ਹੈ। ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਪਰ ਕਿਸਾਨ ਅੱਗੇ ਵਧਦੇ ਗਏ, ਜਿਨ੍ਹਾਂ ਨੇ ਸਕੱਤਰੇਤ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨ ‘ਕਿਸਾਨਾਂ ਦੇ ਸਿਰ ਭੰਨਣ’ ਦਾ ਆਦੇਸ਼ ਦੇਣ ਵਾਲੇ ਐੱਸ.ਡੀ.ਐੱਮ. ਅਤੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਹਨ।

Leave a Reply

Your email address will not be published. Required fields are marked *