ਗੁਰਦਾਸਪੁਰ – ਵਪਾਰ ਮੰਡਲ ਗੁਰਦਾਸਪੁਰ ਨੇ ਅੱਜ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਦਰਅਸਲ ਸਥਾਨਕ ਬੱਬਰੀ ਬਾਈਪਾਸ ਦੇ ਨਜ਼ਦੀਕ ਇਕ ਨਿੱਜੀ ਹਸਪਤਾਲ ਦੀ ਅਣਗਹਿਲੀ ਕਾਰਨ ਇਕ ਵਿਅਕਤੀ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ ਕੋਈ ਕਾਰਵਾਈ ਨਾ ਕਰਨ ਦੇ ਚੱਲਦੇ ਅੱਜ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਸ਼ਹਿਰ ’ਚ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਗਿਆ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ’ਚ ਆਸ਼ੂਤੋਸ਼ ਮਹਾਜਨ ਵੱਲੋਂ ਆਪਣਾ ਪੱਥਰੀ ਦਾ ਉਪਰੇਸ਼ਨ ਕਰਵਾਇਆ ਗਿਆ ਸੀ । ਪਰਿਵਾਰਿਕ ਮੈਂਬਰਾਂ ਅਨੁਸਾਰ ਡਾਕਟਰਾਂ ਦੀ ਅਣਗਹਿਲੀ ਕਾਰਨ ਆਸ਼ੂਤੋਸ਼ ਮਹਾਜਨ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਸ ਦੀ ਮੌਤ ਹੋਈ।
ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਭਗ ਦੋ ਦਿਨ ਤੋਂ ਲਾਸ਼ ਬੱਬਰੀ ਬਾਈਪਾਸ ਚੌਂਕ ’ਚ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ, ਸ਼ਹਿਰ ਵਾਸੀਆਂ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਜ ਰੋਸ ਵਜੋਂ ਵਪਾਰ ਮੰਡਲ ਗੁਰਦਾਸਪੁਰ ਨੇ ਸ਼ਹਿਰ ਨੂੰ ਬੰਦ ਕਰਵਾ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪਰਿਵਾਰ ਦੋ ਦਿਨ ਤੋਂ ਲੜਕੇ ਦੀ ਲਾਸ਼ ਨੂੰ ਲੈ ਕੇ ਰੋਸ ਪ੍ਰਗਟ ਕਰ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਸ ਕਾਰਨ ਮਜ਼ਬੂਰ ਹੋ ਕੇ ਸਾਨੂੰ ਬਾਜ਼ਾਰ ਬੰਦ ਕਰਨੇ ਪਏ। ਉਨ੍ਹਾਂ ਸਾਰੇ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ।