ਨਵੀਂ ਦਿੱਲੀ : ਆਰਐਸਐਸ (RSS) ਮੁਖੀ ਮੋਹਨ ਭਾਗਵਤ (Mohan Bhagwat) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਜ਼ੈੱਡ ਤੋਂ ਵੀ ਮਜ਼ਬੂਤ ਸੁਰੱਖਿਆ ਦਿੱਤੀ ਜਾਵੇਗੀ। ਸੰਘ ਮੁਖੀ ਦੀ ਸੁਰੱਖਿਆ ਜ਼ੈੱਡ ਤੋਂ ਵਧਾ ਕੇ ਐਡਵਾਂਸਡ ਸਕਿਓਰਿਟੀ ਲਾਈਜ਼ਨ (ASSL) ਕਰ ਦਿੱਤੀ ਗਈ ਹੈ। ਜ਼ਾਹਰ ਹੈ ਕਿ ਭਾਗਵਤ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਆ ਕਰਮਚਾਰੀਆਂ ਨਾਲ ਘਿਰੇ ਹੋਣਗੇ।
ਕਿਉਂ ਵਧਾਈ ਗਈ ਸੁਰੱਖਿਆ ?
ਟਾਈਮਜ਼ ਆਫ ਇੰਡੀਆ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸਮੀਖਿਆ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਹੈ। ਸਮੀਖਿਆ ਬੈਠਕ ‘ਚ ਇਹ ਗੱਲ ਸਾਹਮਣੇ ਆਈ ਕਿ ਭਾਗਵਤ ਦੀ ਸੁਰੱਖਿਆ ਭਾਜਪਾ ਸ਼ਾਸਿਤ ਸੂਬਿਆਂ ‘ਚ ਸਖਤ ਸੀ ਪਰ ਗੈਰ-ਭਾਜਪਾ ਸ਼ਾਸਿਤ ਸੂਬਿਆਂ ‘ਚ ਉਨ੍ਹਾਂ ਦੀ ਸੁਰੱਖਿਆ ਢਿੱਲੀ ਸੀ। ਇਹ ਫੈਸਲਾ ਸੰਭਾਵੀ ਖਤਰੇ ਤੋਂ ਬਾਅਦ ਲਿਆ ਗਿਆ ਹੈ।
ਮੋਹਨ ਭਾਗਵਤ ਦੀ ਸੁਰੱਖਿਆ ਨੂੰ ਲੈ ਕੇ ਅਪਡੇਟ ਦੀ ਜਾਣਕਾਰੀ ਸਾਰੇ ਰਾਜਾਂ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਐਸਐਸ ਮੁਖੀ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹੈਲੀਕਾਪਟਰ ਵਿੱਚ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਸਮੇਂ ਸੀਆਈਐਸਐਫ ਦੇ ਜਵਾਨ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਹਨ।