ਯਮੁਨਾਨਗਰ, 2 ਸਤੰਬਰ (ਦਲਜੀਤ ਸਿੰਘ)- ਵੀਰਵਾਰ ਨੂੰ ਹਰਿਆਣਾ ’ਚ ਕਾਂਗਰਸ ਦੁਆਰਾ ਧਰਨੇ ਦੇ ਕੇ ਕਿਸਾਨਾਂ ’ਤੇ 28 ਅਗਸਤ ਨੂੰ ਕਰਨਾਲ ’ਚ ਹੋਏ ਲਾਠੀਚਾਰਜ ’ਚ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਯਮੁਨਾਨਗਰ ਜ਼ਿਲ੍ਹਾ ਸਕੱਤਰੇਤ ਸਾਹਮਣੇ ਕਾਂਗਰਸੀ ਵਰਕਰਾਂ ਨੇ ਧਰਨਾ ਦਿੱਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।
ਯਮੁਨਾਨਗਰ ਦੇ ਸਾਡੋਰਾ ਤੋਂ ਵਿਧਾਇਕ ਰੇਣੁ ਬਾਲਾ, ਕਾਂਗਰਸ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼ਾਮ ਸੁੰਦਰ ਬਤਰਾ ਨੇ ਕਿਹਾ ਕਿ ਸ਼ਾਂਤੀਪੂਰਨ ਧਰਨਾ ਦੇ ਰਹੇ ਕਿਸਾਨਾਂ ’ਤੇ ਇਕ ਐੱਸ.ਡੀ.ਐੱਮ. ਦੇ ਹੁਕਮ ’ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਵਿਧਾਨ ਸਭਾ ’ਚ ਜ਼ਮੀਨ ਐਕਵਾਇਰ ਬਿੱਲ ਲਿਆਇਆ ਗਿਆ ਹੈ ਜਿਸ ਤਹਿਤ ਕਿਸਾਨਾਂ ਦੀ ਜ਼ਮੀਨ ਬਿਨਾਂ ਉਨ੍ਹਾਂ ਦੀ ਸਹਿਮਤੀ ਦੇ ਲੈ ਲਈ ਜਾਵੇਗੀ, ਇਸ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ।