ਪੈਰਿਸ– ਮੰਚ ਸਜ ਚੁੱਕਾ ਹੈ ਅਤੇ ਪੂਰੀ ਦੁਨੀਆ ਦੇ ਖਿਡਾਰੀਆਂ ਵਾਂਗ ਭਾਰਤ ਦੇ 117 ਖਿਡਾਰੀ ਵੀ ਅੱਜ ਭਾਵ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਖੇਡਾਂ ’ਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਤਿਆਰ ਹਨ, ਜਿਥੇ ਉਨ੍ਹਾਂ ਦਾ ਟੀਚਾ ਤਮਗਿਆਂ ਦੀ ਗਿਣਤੀ ਨੂੰ ਦੋਹਰੇ ਅੰਕਾਂ ਤੱਕ ਪਹੁੰਚਾਉਣਾ ਹੋਵੇਗਾ।
ਭਾਰਤ ਨੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤੇ ਸਨ, ਜੋ ਉਨ੍ਹਾਂ ਦਾ ਓਲੰਪਿਕ ਖੇਡਾਂ ’ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਵੇਂ ਹੀ ਉਨ੍ਹਾਂ ’ਤੇ ਇਸ ਲਈ ਉਮੀਦਾਂ ਦਾ ਭਾਰ ਹੈ ਪਰ ਕੁਸ਼ਤੀ ਨੂੰ ਛੱਡ ਕੇ ਕਿਸੇ ਵੀ ਹੋਰ ਖੇਡ ਦੇ ਖਿਡਾਰੀ ਆਪਣੀ ਤਿਆਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰ ਸਕਦੇ ਹਨ।
ਖਿਡਾਰੀਆਂ ਨੇ ਭਾਵੇਂ ਵਿਦੇਸ਼ ’ਚ ਅਭਿਆਸ ਕਰਵਾਉਣਾ ਹੋਵੇ ਜਾਂ ਉਨ੍ਹਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣ, ਕਿਸੇ ਵੀ ਤਰ੍ਹਾਂ ਨਾਲ ਕੋਈ ਕਸਰ ਨਹੀਂ ਛੱਡੀ ਗਈ ਹੈ ਅਤੇ ਹੁਣ ਨਤੀਜਾ ਦੇਣਾ ਖਿਡਾਰੀਆਂ ਦਾ ਕੰਮ ਹੈ।
ਪਰ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਟੋਕੀਓ ਓਲੰਪਿਕ ਦੇ 7 ਤਮਗਿਆਂ ਦੀ ਗਿਣਤੀ ਦੀ ਬਰਾਬਰੀ ਕਰਨਾ ਵੀ ਸੌਖਾ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥ੍ਰੋ ਦੇ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਛੱਡ ਕੇ ਕੋਈ ਵੀ ਹੋਰ ਖਿਡਾਰੀ ਤਮਗੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ।