ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਖੇਤਰ ‘ਚ ਬੁੱਧਵਾਰ ਰਾਤ ਨੂੰ ਹਲਕੀ ਬਾਰਿਸ਼ ਅਤੇ ਸਵੇਰੇ ਆਸਮਾਨ ‘ਚ ਬੱਦਲ ਛਾਏ ਰਹਿਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਇਸ ਰਾਹਤ ਤੋਂ ਪਹਿਲਾਂ ਹੀ ਇਸ ਵਾਰ ਭਿਆਨਕ ਗਰਮੀ ਨੇ ਦਿੱਲੀ ਵਾਸੀਆਂ ਦਾ ਕਹਿਰ ਮਚਾ ਦਿੱਤਾ ਹੈ। ਸਥਿਤੀ ਇਹ ਹੈ ਕਿ ਸਫਦਰਜੰਗ ਹਸਪਤਾਲ ‘ਚ ਗਰਮੀ ਕਾਰਨ 24 ਘੰਟਿਆਂ ‘ਚ 13 ਲੋਕਾਂ ਦੀ ਮੌਤ ਹੋ ਗਈ, ਜੋ ਇਸ ਹਸਪਤਾਲ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਹੈ।
ਇਸ ਕਾਰਨ ਪਿਛਲੇ ਇੱਕ ਮਹੀਨੇ ਵਿੱਚ ਇਸ ਹਸਪਤਾਲ ਵਿੱਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਹੀਟ ਸਟ੍ਰੋਕ ਕਾਰਨ 33 ਮਰੀਜ਼ ਦਾਖਲ ਹੋਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਜ਼ੁਰਗ ਅਤੇ ਬਾਹਰ ਕੰਮ ਕਰਨ ਵਾਲੇ ਲੋਕ ਹਨ।
ਹੀਟ ਸਟ੍ਰੋਕ ਤੋਂ ਪੀੜਤ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਰਐਮਐਲ ਸਮੇਤ ਹੋਰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਕੇਂਦਰੀ ਟੀਮ ਨੇ ਹਸਪਤਾਲਾਂ ਦੀ ਐਮਰਜੈਂਸੀ ਦਾ ਮੁਆਇਨਾ ਕੀਤਾ, ਗਰਮੀ ਕਾਰਨ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਮਰੀਜ਼ਾਂ ਦਾ ਦਬਾਅ ਵਧ ਗਿਆ।