ਨਵੀਂ ਦਿੱਲੀ, ਆਮ ਆਦਮੀ ਪਾਰਟੀ (ਆਪ) ਨੇ ਅੱਜ ਮੁੜ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਨਕਾਰਾਤਮਕ ਰਾਜਨੀਤੀ ਕਰਨ ਅਤੇ ਯਮੁਨਾ ਨਦੀ ’ਚ ਪਾਣੀ ਦੀ ਸਪਲਾਈ ਰੋਕਣ ਦਾ ਦੋਸ਼ ਲਗਾਇਆ ਹੈ। ਆਪ ਦੀ ਕੌਮੀ ਤਰਜਮਾਨ ਪ੍ਰਿਯੰਕਾ ਕੱਕੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੱਲੋਂ ਛੱਡਿਆ ਗਿਆ 137 ਕਿਊਸਿਕ ਪਾਣੀ ਹਾਲੇ ਤੱਕ ਦਿੱਲੀ ਨਹੀਂ ਪਹੁੰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਨਾ ਸਿਰਫ਼ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਨੂੰ ਮਿਲਣ ਵਾਲਾ ਪਾਣੀ ਬੰਦ ਕਰ ਦਿੱਤਾ ਹੈ, ਸਗੋਂ ਦੋਵਾਂ ਰਾਜਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਹਿੱਸੇ ਦੇ 1050 ਕਿਊਸਿਕ ਪਾਣੀ ’ਚ ਵੀ 200 ਕਿਊਸਿਕ ਕਟੌਤੀ ਕੀਤੀ ਹੈ।
ਇਸ ਦੌਰਾਨ ਆਪ ਵਰਕਰਾਂ ਨੇ ਦਿੱਲੀ ਨੂੰ ਪਾਣੀ ਰੋਕਣ ਦਾ ਦੋਸ਼ ਲਾਉਂਦਿਆਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ।