ਸਿਰਸਾ: ਪਿੰਡ ਮੱਲੇਕਾਂ ’ਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ’ਚ ਪਾਰਕ ਸਥਾਪਿਤ, ਕਿਸਾਨਾਂ ਨੇ ਪਾਰਕ ’ਚ ਰੁੱਖ ਲਾ ਕੇ ਕੀਤਾ ਉਦਘਾਟਨ

sirsa/nawanpunjab.com

ਸਿਰਸਾ, 26 ਅਗਸਤ  (ਦਲਜੀਤ ਸਿੰਘ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਪਿਛਲੇ ਨੌਂ ਮਹੀਨਿਆਂ ਤੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸਿਰਸਾ ਦੇ ਪਿੰਡ ਮੱਲੇਕਾਂ ’ਚ ਕਿਸਾਨ ਪਾਰਕ ਦਾ ਅੱਜ ਕਿਸਾਨਾਂ ਵੱਲੋਂ ਰੁੱਖ ਲਾ ਕੇ ਉਦਘਾਟਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਅਹਿਦ ਲਿਆ ਕਿ ਹੋਰਨਾਂ ਪਿੰਡਾਂ ਵਿੱਚ ਵੀ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਪਾਰਕ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ’ਤੇ ਕਈ ਪਿੰਡਾਂ ਦੇ ਕਿਸਾਨ ਮੌਜੂਦ ਸਨ।

ਕਿਸਾਨ ਪਾਰਕ ਦਾ ਉਦਘਾਟਨ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਲੱਖਵਿੰਦਰ ਸਿੰਘ ਲੱਖਾ, ਗੁਰੀ ਸ਼ੇਖੋਂ ਸਮੇਤ ਅਨੇਕ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਨੂੰ ਦਿੱਲੀ ਦੇ ਬਰਾਡਰਾਂ ’ਤੇ ਧਰਨਾ ਦਿੰਦਿਆਂ ਨੌਂ ਮਹੀਨੇ ਪੂਰੇ ਹੋ ਗਏ ਹਨ। ਇਸ ਅੰਦੋਲਨ ਦੌਰਾਨ ਹੁਣ ਤੱਕ ਛੇ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵੱਲ ਇਕ ਕਦਮ ਦੀ ਅੱਗੇ ਨਹੀਂ ਵਧਾਇਆ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਆਗਾਮੀ 31 ਅਗਸਤ ਨੂੰ ਸਿਰਸਾ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਇੱਕਠ ਕੀਤਾ ਜਾਵੇਗਾ ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੇਤ ਸਮੇਤ ਕਈ ਸੀਨੀਅਰ ਨੇਤਾ ਸੰਬੋਧਨ ਕਰਨਗੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ। ਇਸ ਮੌਕੇ ’ਤੇ ਢਾਣੀ ਕਾਹਨ ਸਿੰਘ, ਢਾਣੀ ਕਾਲੂ ਵਾਲੀ, ਮਾਧੋਸਿੰਘਾਣਾ, ਕੋਟਲੀ, ਕੁੱਤਾਵਢ, ਮੰਗਾਲਾ, ਭੰਬੂਰ, ਟੀਟੂ ਖੇੜਾ ਆਦਿ ਦੇ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *