ਪਟਿਆਲਾ, ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਹਮਾਇਤ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਹੈ। ਸ੍ਰੀ ਮੋਦੀ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਸੂਬੇ ਵਿੱਚ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਪਹਿਲਾਂ ਐੱਸਕੇਐੱਮ (ਗੈਰ-ਸਿਆਸੀ) ਆਗੂ ਤੇਜਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਕਿਸਾਨ ਇਕੱਠੇ ਹੋਣ ਬਾਅਦ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਗੇ। ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡਟੇ ਹੋਏ ਹਨ। ਸ਼ੰਭੂ ਅਤੇ ਖਨੌਰੀ ਮੋਰਚੇ ਦੀ ਅਗਵਾਈ ਕਰ ਰਹੇ ਐੱਸਕੇਐੱਮ (ਗੈਰ-ਸਿਆਸੀ) ਆਗੂਆਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹਰੀ, ਮਨਜੀਤ ਸਿੰਘ ਰਾਏ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਾਉਣ ਲਈ ਜ਼ੋਰ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਜੇ ਅਜਿਹਾ ਨਾ ਕੀਤਾ ਤਾਂ ਉਹ ਰੈਲੀ ਵਾਲੀ ਥਾਂ ਵੱਲ ਵਧਣਗੇ ਅਤੇ ਕਾਲੇ ਝੰਡੇ ਦਿਖਾਏ ਜਾਣਗੇ। ਇਸੇ ਦੌਰਾਨ ਬੀਐੱਸ ਰਾਜੇਵਾਲ, ਡਾਕਟਰ ਦਰਸ਼ਨਪਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਵੀ ਨਾਭਾ, ਸਰਹਿੰਦ, ਪਾਤੜਾਂ, ਰਾਜਪੁਰਾ ਅਤੇ ਹੋਰ ਰਸਤਿਆਂ ਰਾਹੀਂ ਪਟਿਆਲਾ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਹੈ। ਡਾਕਟਰ ਦਰਸ਼ਨਪਾਲ ਨੇ ਕਿਹਾ, ‘ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਆਪਣਾ ਰੋਸ ਦਰਜ ਕਰਵਾਉਣ ਲਈ ਸੜਕ ‘ਤੇ ਧਰਨਾ ਦੇਣਗੇ।’ ਬੀਕੇਯੂ-ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਧਰਨਾ ਦੇਣ ਲਈ ਥਾਂ ਦਿੱਤੀ ਗਈ ਹੈ, ਜੋ ਕਿ ਸਮਾਗਮ ਵਾਲੀ ਥਾਂ ਤੋਂ ਕਰੀਬ 5 ਕਿਲੋਮੀਟਰ ਦੂਰ ਹੈ।
ਕਿਸਾਨਾਂ ਦਾ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਇਕੱਠ, ਮੋਦੀ ਦੀ ਪਟਿਆਲਾ ਰੈਲੀ ਵਾਲੀ ਥਾਂ ਵੱਲ ਮਾਰਚ ਸ਼ੁਰੂ
