ਫਿਰੋਜ਼ਪੁਰ : ਭਾਜਪਾ ਦੇ ਸਾਬਕਾ ਸੀਪੀਐਸ ਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਰਹੇ ਸੁਖਪਾਲ ਸਿੰਘ ਨਨੂ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਪਾਲ ਸਿੰਘ ਨੂੰ ਅਤੇ ਉਨ੍ਹਾਂ ਦੇ ਅੱਧੀ ਦਰਜਨ ਦੇ ਕਰੀਬ ਭਾਜਪਾਈ ਅਹੁਦੇਦਾਰ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ।
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਨਨੂ ਦੇ ਪਿਤਾ ਮਰਹੂਮ ਗਿਰਧਾਰਾ ਸਿੰਘ ਵੀ ਭਾਰਤੀ ਜਨਤਾ ਪਾਰਟੀ ਤੋਂ ਵਿਧਾਇਕ ਰਹੇ ਹਨ। ਉਹਨਾਂ ਦਾ 49 ਮਮਦੋਟ ਹਾਊਸ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਿਚਾਲੇ ਪਾਈ ਸਾਂਝ ਦਾ ਵੀ ਗਵਾਹ ਰਿਹਾ ਹੈ। ਇੱਥੇ ਭਾਜਪਾ ਦੇ ਕਈ ਸੀਨੀਅਰ ਆਗੂ, ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਆਗੂ ਕਈ ਵਾਰ ਇੱਥੇ ਆ ਚੁੱਕੇ ਹਨ। ਇਸ ਮੌਕੇ ਸੁਖਪਾਲ ਸਿੰਘ ਨਨੂ ਨੇ ਆਖਿਆ ਕਿ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੇਲੇ ਦੀ ਇਮਾਨਦਾਰ ਭਾਜਪਾ ਭ੍ਰਿਸ਼ਟਾਚਾਰੀਆਂ ਦਾ ਅੱਡਾ ਬਣ ਚੁੱਕੀ ਹੈ। ਜਿਸ ਤਰ੍ਹਾਂ ਪਾਰਟੀ ਦੀ ਮੌਜੂਦਾ ਸੀਨੀਅਰ ਲੀਡਰਸ਼ਿਪ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ, ਉਸ ਨਾਲ ਭਾਜਪਾ ਦੀ ਪੁਰਾਣੀ ਵਿਚਾਰਧਾਰਾ ਬਿਲਕੁਲ ਵੀ ਮੇਲ ਨਹੀਂ ਖਾਂਦੀ। ਬੀਤੇ 15-16 ਸਾਲਾਂ ਤੋਂ ਪਾਰਟੀ ਦੇ ਇਮਾਨਦਾਰ ਨੇਤਾਵਾਂ ਅਤੇ ਵਰਕਰਾਂ ਨੂੰ ਖੁੱਡੇ ਲਾਈਨ ਹੀ ਲਗਾਇਆ ਹੋਇਆ ਹੈ। ਇਸ ਕਰਕੇ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਭਰੋਸਾ ਜਤਾਉਂਦਿਆਂ ਉਹ ‘ਆਪ’ ਵਿੱਚ ਸ਼ਾਮਿਲ ਹੋ ਗਏ ਹਨ।