ਸੁਖਬੀਰ ਬਾਦਲ ਨੇ ਕਿਹਾ- ਅੰਮ੍ਰਿਤਪਾਲ ਨੂੰ ਉਮੀਦਵਾਰ ਬਣਾਉਣ ਦੀ ਸਾਜ਼ਿਸ਼ ਨੂੰ ਸਮਝਣ ਪੰਜਾਬੀ, ਆਪਣੇ ਆਪ ਨੂੰ ਛੁਡਵਾਉਣ ਲਈ ਲੜ ਰਿਹੈ ਚੋਣ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਮਝਣ ਕਿ ਜਿਸ ਵਿਅਕਤੀ ਨੇ ਇਕ ਸਾਲ ਪਹਿਲਾਂ ਸਿੱਖੀ ਸਰੂਪ ਧਾਰਿਆ ਹੋਵੇ ਕੀ ਉਹ ਸਿੱਖਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜੋ ਆਪਣੇ ਪੁਰਖਿਆਂ ਦੇ ਕਦਮਾਂ ’ਤੇ ਚੱਲ ਰਹੀ ਹੈ, ਉਹ ਪਾਰਟੀ ਉਹਨਾਂ ਦੀ ਅਗਵਾਈ ਕਰਨ ਦੇ ਸਮਰਥ ਹੈ।

ਸੁਖਬੀਰ ਬਾਦਲ ਨੇ ਬਾਬਾ ਬਕਾਲਾ ਵਿਖੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮੁਲਾਂਕਣ ਕਰਨ ਕਿ ਕਿਤੇ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਤਾਂ ਖੜ੍ਹਾ ਨਹੀਂ ਕੀਤਾ। ਲੋਕ ਆਪ ਵੇਖਣ ਕਿ ਪਹਿਲਾਂ ਇਕ ਵਿਅਕਤੀ ਤਿਆਰ ਕੀਤਾ ਗਿਆ, ਉਸ ਦੀ ਪੇਸ਼ਕਾਰੀ ਕੀਤੀ ਗਈ, ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਤੇ ਹੁਣ ਅਕਾਲੀ ਦਲ ਦੇ ਮੁਕਾਬਲੇ ਚੋਣਾਂ ‘ਚ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ‘ਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ’ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ। ਇਹ ਵੀ ਸੱਚਾਈ ਹੈ ਕਿ ਅੰਮ੍ਰਿਤਪਾਲ ਦੇ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਉਸਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਹਰ ਸਹੂਲਤ ਦਿੱਤੀ ਗਈ। ਅੰਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਬਾਰੇ ਕਿਵੇਂ ਸੋਚ ਸਕਦਾ ਹੈ ਜਦਕਿ ਉਹ ਇਕ ਸਾਲ ਤੱਕ ਜੇਲ੍ਹ ਵਿਚ ਹੀ ਨਹੀਂ ਰਹਿ ਸਕਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 16 ਸਾਲ ਤੱਕ ਜੇਲ੍ਹ ਵਿਚ ਰਹੇ ਤਾਂ ਅਸੀਂ ਉਨ੍ਹਾਂ ਨੂੰ ਛੁਡਵਾਉਣ ਲਈ ਇਕ ਵੀ ਧਰਨਾ ਨਹੀਂ ਦਿੱਤਾ ਸੀ। ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਛੁਪ ਕੇ ਨਹੀਂ ਰਹੇ ਜਦੋਂ ਕਿ ਅੰਮ੍ਰਿਤਪਾਲ ਸਿੰਘ ਫੜੇ ਜਾਣ ਦੇ ਡਰੋਂ ਲੁਕਦਾ ਰਿਹਾ। ਸਪੱਸ਼ਟ ਹੈ ਕਿ ਅੰਮ੍ਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੜ ਰਿਹਾ ਹੈ। ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਹਨ। ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਵੇਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਜੋ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹਨ, ਨੇ ਚੋਣ ਲੜਨ ਦੇ ਫੈਸਲੇ ਖਿਲਾਫ ਬਗਾਵਤ ਕੀਤੀ ਹੈ। 10 ‘ਚੋਂ 7 ਬੰਦੀ ਵੱਖਰੀ ਬੈਰਕ ‘ਚ ਹਨ ਤੇ ਹੁਣ ਰੋਟੀ ਵੀ ਵੱਖੋ-ਵੱਖ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਾਢੇ 7 ਸਾਲ ਐਨਐਸਏ ਅਧੀਨ ਕੱਢੇ ਜਿਸ ਵਿਚੋਂ ਤਿੰਨ ਸਾਲ ਉਨ੍ਹਾਂ ਦੀਆਂ ਲੱਤਾਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ। ਉਨ੍ਹਾਂ ਦੇ ਪਰਿਵਾਰ ਨੂੰ ਸਾਢੇ 9 ਮਹੀਨਿਆਂ ਤੱਕ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਹੁਣ ਵੇਲਾ ਹੈ ਕਿ ਸੰਗਤ ਸੱਚਾਈ ਜਾਣ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ।

Leave a Reply

Your email address will not be published. Required fields are marked *