ਕਾਬੁਲ, 24 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਹੁੰਚੇ ਯੂਕਰੇਨ ਦੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਯੂਕਰੇਨ ਸਰਕਾਰ ਦੇ ਮੰਤਰੀ ਨੇ ਮੰਗਲਵਾਰ ਨੂੰ ਇਹ ਦਾਅਵਾ ਕੀਤਾ ਹੈ। ਮੰਤਰੀ ਮੁਤਾਬਕ, ਐਤਵਾਰ ਨੂੰ ਇਹ ਜਹਾਜ਼ ਹਾਈਜੈਕ ਕੀਤਾ ਗਿਆ ਸੀ, ਜਿਸ ਨੂੰ ਕੁਝ ਅਣਪਛਾਤੇ ਲੋਕਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਯੂਕਰੇਨ ਸਰਕਾਰ ਵਿਚ ਡਿਪਟੀ ਵਿਦੇਸ਼ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੇ ਜਹਾਜ਼ ਨੂੰ ਅਣਜਾਣ ਲੋਕਾਂ ਵੱਲੋਂ ਹਾਈਜੈਕ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਇਸ ਜਹਾਜ਼ ਨੂੰ ਈਰਾਨ ਲਿਜਾਇਆ ਗਿਆ ਹੈ ਜਿਸ ਵਿਚ ਅਣਜਾਣ ਲੋਕ ਹਨ।
ਇੰਨਾ ਹੀ ਨਹੀਂ ਸਾਡੇ ਦੂਜੇ ਤਿੰਨ ਜਹਾਜ਼ ਵੀ ਲੋਕਾਂ ਨੂੰ ਬਾਹਰ ਕੱਢਣ ਵਿਚ ਸਫਲ ਨਹੀਂ ਹੋ ਪਾਏ ਕਿਉਂਕਿ ਸਾਡੇ ਨਾਗਰਿਕ ਹਵਾਈ ਅੱਡੇ ਤੱਕ ਨਹੀਂ ਪਹੁੰਚੇ ਸਨ।ਯੂਕਰੇਨ ਦੇ ਦਾਅਵੇ ਤੋਂ ਵੱਖ ਈਰਾਨ ਦੇ ਮੰਤਰੀ ਅੱਬਾਸ ਅਸਲਾਨੀ ਦਾ ਦਾਅਵਾ ਹੈ ਕਿ ਇਹ ਜਹਾਜ਼ ਨੌਰਥ ਈਸਟ ਈਰਾਨ ਦੇ ਮਸ਼ਹਾਦ ਹਵਾਈ ਅੱਡੇ ‘ਤੇ ਆਇਆ ਸੀ ਪਰ ਇਹ ਬਾਲਣ ਭਰਵਾਉਣ ਮਗਰੋਂ ਯੂਕਰੇਨ ਲਈ ਰਵਾਨਾ ਹੋ ਗਿਆ ਸੀ ਅਤੇ ਕੀਵ ਹਵਾਈ ਅੱਡੇ ‘ਤੇ ਲੈਂਡ ਵੀ ਕਰ ਗਿਆ ਸੀ।