ਮਾਨਸਾ: ਲੋਕ ਸਭਾ ਹਲਕਾ ਬਠਿੰਡਾ ’ਚ ਪ੍ਰਮੁੱਖ ਪਾਰਟੀਆਂ ਵੱਲੋਂ ਉਤਾਰੇ ਗਏ ਉਮੀਦਵਾਰਾਂ ’ਤੇ ‘ਅਕਾਲੀ ਦਲ’ ਦਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ। ਤਿੰਨ ਵਾਰ ਹੈਟ੍ਰਿਕ ਮਾਰਨ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਹਲਕੇ ’ਚ ਜੇਤੂ ਰੱਥ ਨੂੰ ਠੱਲ੍ਹਣ ਲਈ ਵੱਖ-ਵੱਖ ਸਿਆਸੀ ਦਲਾਂ ਵੱਲੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਹਨ ਪਰ ਸਰਸਰੀ ਨਜ਼ਰ ਮਾਰਦਿਆਂ ਇਹ ਉਮੀਦਵਾਰ ਕਿਵੇਂ ਨਾ ਕਿਵੇਂ, ਕਦੇ ਨਾ ਕਦੇ ਅਕਾਲੀ ਦਲ ਨਾਲ ਜੁੜੇ ਰਹੇ ਹਨ।
‘ਆਪ’ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਤਾਰੇ ਗਏ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਲੰਬੇ ਸਮੇਂ ਤੋਂ ਉਹ ਬਾਦਲ ਪਰਿਵਾਰ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ ਪਰ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਦੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਵੀ ਰਹੀ ਹੈ। ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਉਤਾਰੇ ਗਏ ਹਨ ਜਿਨ੍ਹਾਂ ਦੇ ਸਹੁਰਾ ਸਾਹਿਬ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਤੇ ਸ਼੍ਰੋਮਣੀ ਅਕਾਲੀ ਦਲ ’ਚ ਚੋਣਾਂ ਦੌਰਾਨ ਵਿਉਂਤਬੰਦੀ ’ਚ ਅਹਿਮ ਯੋਗਦਾਨ ਨਿਭਾਉਂਦੇ ਹਨ। ਕਾਂਗਰਸ ਵੱਲੋਂ ਉਤਾਰੇ ਗਏ ਜੀਤ ਮਹਿੰਦਰ ਸਿੰਘ ਸਿੱਧੂ ਜੋ ਕਿ ਅਕਾਲੀ ਦਲ ’ਚ ਵੀ ਕਾਫ਼ੀ ਸਮਾਂ ਜੁੜੇ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਲੱਖਾ ਸਿਧਾਣਾ ਕਿਸੇ ਸਮੇਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਕਾਫ਼ੀ ਨੇੜੇ ਸਨ ਪਰ ਮਤਭੇਦਾਂ ਕਾਰਨ ਉਹ ਉਨ੍ਹਾਂ ਤੋਂ ਦੂਰ ਹੋ ਗਏ ਤੇ ਵੱਖ-ਵੱਖ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ।