ਮੋਗਾ, 12 ਮਾਰਚ
ਸਥਾਨਕ ਨਗਰ ਨਿਗਮ ਦਫ਼ਤਰ ਵਿੱਚ ਵੱਢੀ ਲੈਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਦੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ ਛਪੀ ਖਬਰ ਤੋਂ ਅੱਜ ਸਵੇਰੇ ਹੀ ਤਰਥੱਲੀ ਮੱਚ ਗਈ। ਇਥੇ ਅੱਜ ਮੁੱਖ ਮੰਤਰੀ ਦੀ ਆਮਦ ਹੋਣ ਅਤੇ ਮਾਮਲਾ ਉਨ੍ਹਾਂ ਕੋਲ ਪੁੱਜਣ ਦੇ ਡਰੋਂ ਸਰਕਾਰੀ ਫ਼ੀਸ ਨਾਲ ਰਿਸ਼ਵਤ ਲੈਣ ਵਾਲੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ‘ਪੰਜਾਬੀ ਟ੍ਰਿਬਿਊਨ’ ’ਚ ਛਪੀ ਖਬਰ ਦਾ ਅਸਰ ਇਸ ਕਦਰ ਦਿਸਿਆ ਕਿ ਹਾਕਮ ਧਿਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਗੁੱਸੇ ਵਿਚ ਆ ਗਏ ਅਤੇ ਮੇਅਰ ਬਲਜੀਤ ਸਿੰਘ ਚਾਨੀ ਨਾਲ ਨਿਗਮ ਪੁੱਜੇ। ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਸਰਕਾਰੀ ਕੰਮ ਬਦਲੇ ਵੱਢੀ ਖੋਰੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਗਏ ਸੁਪਰਵਾਈਜ਼ਰ ਸਿਆ ਰਾਮ ਖ਼ਿਲਾਫ਼ ਵਿਭਾਗੀ ਪੜਤਾਲ ਦੌਰਾਨ ਦੋਸ਼ ਸਾਬਤ ਹੋਣ ਉੱਤੇ ਉਸਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇਗਾ।