ਮਾਲੇਰਕੋਟਲਾ ,5 ਮਾਰਚ
ਫਾਰਮਰ ਫੈਡਰੇਸ਼ਨ ਮਲੇਰਕੋਟਲਾ ਦੇ ਇੱਕ ਵਫ਼ਦ ਨੇ ਫੈਡਰੇਸ਼ਨ ਦੇ ਪ੍ਰਧਾਨ ਮਹਿਮੂਦ ਅਖ਼ਤਰ ਸ਼ਾਦ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾ. ਪੱਲਵੀ ਨੂੰ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦੇ ਨਾਂ ਲਿਖਿਆ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਜਾ ਰਹੇ ਜਬਰ, ਗ਼ੈਰ ਮਨੁੱਖੀ ਅਤੇ ਗ਼ੈਰ ਸੰਵਿਧਾਨਿਕ ਰਵੱਈਏ ਦਾ ਅਤੇ ਪੱਛਮੀ ਬੰਗਾਲ ‘ਚ ਕੁਝ ਫ਼ਿਰਕਾਪ੍ਰਸਤ ਲੋਕਾਂ ਵੱਲੋਂ ਇੱਕ ਆਈ.ਪੀ.ਐੱਸ. ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਦਾ ਨੋਟਿਸ ਲੈਣ ਕਿਉਂਕਿ ਅਜਿਹੀਆਂ ਗਤੀਵਿਧੀਆਂ ਅਤੇ ਕਾਰਵਾਈਆਂ ਦੇਸ਼ ਦੀ ਅਖੰਡਤਾ ਲਈ ਖ਼ਤਰਾ ਬਣ ਸਕਦੀਆਂ ਹਨ। ਉਪਰੋਕਤ ਦੋਵੇਂ ਘਟਨਾਵਾਂ ਦੁਨੀਆ ਦੇ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਭਾਰਤ ਲਈ ਸ਼ਰਮਨਾਕ ਹਨ। ਦੋਵੇਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਫੈਡਰੇਸ਼ਨ ਵੱਲੋਂ ਦੇਸ਼ ਦੇ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੂੰ ਲਿਖੇ ਵੱਖਰੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਥਾਨਕ ਮਤੋਈ ਰੇਲਵੇ ਫਾਟਕ ਤੋਂ ਨੌਧਰਾਣੀ ਰੇਲਵੇ ਫਾਟਕ ਤੱਕ ਕੋਈ ਅੰਡਰ ਪਾਸ ਨਹੀਂ, ਜਿਸ ਨਾਲ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ਫਾਟਕਾਂ ‘ਤੇ ਅੰਡਰ ਪਾਸ ਬਣਾਏ ਜਾਣ, ਰੇਲਵੇ ਲਾਈਨ ਦੇ ਦੋਵੇਂ ਪਾਸੇ ਸੰਘਣੀ ਅਬਾਦੀ ਹੈ , ਦੋਵੇਂ ਪਾਸਿਆਂ ਦੀ ਅਧੂਰੀ ਸੁਰੱਖਿਆ ਦੀਵਾਰ ਮੁਕੰਮਲ ਕਰਵਾਈ ਜਾਵੇ, ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕਾਂ ਬਣਾਈਆਂ ਜਾਣ, ਦੋਵੇਂ ਪਾਸੇ ਗੰਦਗੀ ਦੇ ਪਏ ਢੇਰਾਂ ਅਤੇ ਘਾਹ -ਫੂਸ ਨੂੰ ਸਾਫ਼ ਕਰਵਾਇਆ ਜਾਵੇ ਅਤੇ ਰੇਲਵੇ ਕੁਆਟਰਾਂ ਨੇੜੇ ਹੋ ਰਹੀਆਂ ਅਨੈਤਿਕ ਕਾਰਵਾਈਆਂ ਨੂੰ ਠੱਲ੍ਹ ਪਾਈ ਜਾਵੇ। ਵਫ਼ਦ ਤੋਂ ਸਹਾਇਕ ਕਮਿਸ਼ਨਰ ਗੁਰਮੀਤ ਰਾਮ ਨੇ ਮੰਗ ਪੱਤਰ ਪ੍ਰਾਪਤ ਕੀਤਾ। ਵਫ਼ਦ ਵਿੱਚ ਹਾਜੀ ਭੋਲਾ, ਹਾਜੀ ਮੁਹੰਮਦ ਸਦੀਕ, ਸਾਹਿਲ ਪ੍ਰਵੇਜ਼, ਮੁਹੰਮਦ ਨਦੀਮ, ਆਜ਼ਮ ਖਾਂ ਅਤੇ ਮੁਹੰਮਦ ਯਾਕੂਬ ਸ਼ਾਮਲ ਸਨ।