ਨਵੀਂ ਦਿੱਲੀ, 2 ਮਾਰਚ
ਰਾਸ਼ਟਰੀ ਰਾਜਧਾਨੀ ਵਿਚ ਕੁੱਤਿਆਂ ਦੇ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਾਹਦਰਾ ਦੇ ਜਗਤਪੁਰੀ ਇਲਾਕੇ ‘ਚ ਪਾਲਤੂ ਪਿਟਬੁੱਲ ਦੇ ਹਮਲੇ ‘ਚ ਸੱਤ ਸਾਲ ਦੀ ਬੱਚੀ ਜ਼ਖ਼ਮੀ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਘੜੀਸ ਲਿਆ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।