ਨਵੀਂ ਦਿੱਲੀ, 28 ਫਰਵਰੀ
ਸੀਬੀਆਈ ਨੇ ਗ਼ੈਰਕਾਨੂੰਨੀ ਮਾਈਨਿੰਗ ਕੇਸ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਗਵਾਹ ਵਜੋਂ ਪੁੱਛ-ਪੜਤਾਲ ਲਈ ਵੀਰਵਾਰ ਨੂੰ ਤਲਬ ਕੀਤਾ ਹੈ। ਪੰਜ ਸਾਲ ਪਹਿਲਾਂ ਦਰਜ ਹੋਏ ਕੇਸ ’ਚ ਸੀਬੀਆਈ ਨੇ ਅਖਿਲੇਸ਼ ਨੂੰ ਹੁਣ ਧਾਰਾ 160 ਤਹਿਤ ਨੋਟਿਸ ਜਾਰੀ ਕੀਤਾ ਹੈ। ਇਸ ਧਾਰਾ ਤਹਿਤ ਪੁਲੀਸ ਅਧਿਕਾਰੀ ਕਿਸੇ ਜਾਂਚ ’ਚ ਗਵਾਹਾਂ ਨੂੰ ਤਲਬ ਕਰ ਸਕਦਾ ਹੈ। ਉਧਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਮੁੜ ਨੋਟਿਸ ਜਾਰੀ ਕੀਤਾ ਗਿਆ ਹੈ।