ਸ੍ਰੀਨਗਰ, 21 ਫਰਵਰੀ
ਜੰਮੂ-ਕਸ਼ਮੀਰ ‘ਚ 48 ਘੰਟਿਆਂ ਦੌਰਾਨ ਭਾਰੀ ਬਰਫ਼ਬਾਰੀ ਅਤੇ ਮੋਹਲੇਧਾਰ ਬਾਰਸ਼ ਕਾਰਨ ਅੱਜ ਕਸ਼ਮੀਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਆਵਾਜਾਈ ਲਈ ਬੰਦ ਰਹੀਆਂ| ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ। ਸਾਰੇ ਯਾਤਰੀਆਂ ਨੂੰ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀਨਗਰ ਅਤੇ ਜੰਮੂ ਦੇ ਟ੍ਰੈਫਿਕ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਈਵੇਅ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਘਾਟੀ ਵੱਲ ਜਾਣ ਵਾਲੇ ਹੋਰ ਸਾਰੇ ਹਾਈਵੇਅ ਜਿਵੇਂ ਮੁਗਲ ਰੋਡ, ਸਿੰਥਨ-ਕਿਸ਼ਤਵਾੜ ਰੋਡ, ਸ੍ਰੀਨਗਰ-ਲੇਹ ਰੋਡ ਅਤੇ ਗੁਰੇਜ਼ ਅਤੇ ਕਰਨਾਹ/ਕੇਰਨ ਦੇ ਸਰਹੱਦੀ ਖੇਤਰਾਂ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਗੁਲਮਰਗ, ਸੋਨਮਰਗ, ਪਹਿਲਗਾਮ, ਡੂਡਪਥਰੀ, ਡਾਕਸੁਮ, ਕੋਕਰਨਾਗ ਅਤੇ ਹੋਰ ਪਹਾੜੀ ਖੇਤਰਾਂ ਵਿੱਚ 48 ਘੰਟਿਆਂ ਦੌਰਾਨ 1 ਤੋਂ 3 ਫੁੱਟ ਤੱਕ ਤਾਜ਼ਾ ਬਰਫਬਾਰੀ ਹੋਈ ਹੈ।