ਸੰਗਰੂਰ, 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਸੰਗਰੂਰ ਸ਼ਹਿਰ ਮੁਕੰਮਲ ਰੂਪ ’ਚ ਬੰਦ ਰਿਹਾ। ਹਰ ਵਰਗ ਵਲੋਂ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਆਪਣੇ ਕਾਰੋਬਾਰ ਬੰਦ ਰੱਖੇ। ਸ਼ਹਿਰ ਦੇ ਸਾਰੇ ਬਾਜ਼ਾਰਾਂ, ਅੰਦਰੂਨੀ ਅਤੇ ਬਾਹਰੀ ਖੇਤਰ ਵਿਚ ਦੁਕਾਨਾਂ ਬੰਦ ਰਹੀਆਂ। ਬੱਸ ਸਟੈਂਡ ’ਚ ਮੁਕੰਮਲ ਸੁੰਨਸਾਨ ਰਹੀ ਅਤੇ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਰਿਹਾ। ਸ਼ਹਿਰ ਦੇ ਅੰਦਰੂਨੀ ਖੇਤਰ ’ਚ ਪੈਟਰੌਲ ਪੰਪ ਬੰਦ ਰਹੇ। ਸਰਕਾਰੀ ਦਫ਼ਤਰ ਭਾਵੇਂ ਖੁੱਲ੍ਹੇ ਰਹੇ ਪਰੰਤੂ ਦਫ਼ਤਰਾਂ ’ਚ ਸੁੰਨਸਾਨ ਪਸਰੀ ਹੋਈ ਸੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵੀ ਬੰਦ ਦਾ ਸਮਰਥਨ ਕਰਦਿਆਂ ਅੱਜ ਮੁਕੰਮਲ ਹੜਤਾਲ ਰੱਖੀ। ਸ਼ਹਿਰ ਦੇ ਬਜ਼ਾਰਾਂ ’ਚ ਕੋਈ ਰੇਹੜੀ ਤੱਕ ਵੀ ਨਹੀਂ ਲੱਗੀ। ਡਾਕਟਰਾਂ ਦੇ ਕਲੀਨਿਕ ਅਤੇ ਮੈਡੀਕਲ ਸਟੋਰ ਖੁੱਲ੍ਹੇ ਰਹੇ ਜਿੰਨ੍ਹਾਂ ਨੂੰ ਬੰਦ ਤੋਂ ਛੋਟ ਦਿੱਤੀ ਹੋਈ ਸੀ। ਅੱਜ ਬੰਦ ਦੌਰਾਨ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ, ਪੱਲੇਦਾਰ ਆਦਿ ਵੱਖ-ਵੱਖ ਕਾਫਲਿਆਂ ਦੇ ਰੂਪ ਵਿਚ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਪੁੱਜੇ ਜਿਥੇ ਚਾਰੋਂ ਪਾਸੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।