ਸਰਬ ਭਾਰਤੀ ਕਾਂਗਰਸ : ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ

 ਉਜਾਗਰ ਸਿੰਘ –  ਸਿਆਸੀ ਪਾਰਟੀਆਂ ਵਿੱਚ ਲੀਡਰਸ਼ਿਪ ਦਾ ਖਲਾਅ ਪੈਦਾ ਹੋਣ ਕਰਕੇ ਸੈਲੀਵਰਿਟੀਜ਼ ਨੂੰ ਪਾਰਟੀਆਂ ਵਿੱਚ ਸ਼ਾਮਲ ਕਰਨ ਦੀ ਪਰੰਪਰਾ ਸ਼ੁਰੂ ਹੋ ਗਈ। ਬਹੁਤ ਸਾਰੀਆਂ ਪਾਰਟੀਆਂ ਨੇ ਸੈਲੀਵਰਿਟੀਜ਼ ਨੂੰ ਸ਼ਾਮਲ ਕਰ ਲਿਆ। ਸੈਲੀਵਰਿਟੀਜ਼ ਆਪੋ ਆਪਣੇ ਖੇਤਰ ਦੇ ਮਾਹਰ ਹੁੰਦੇ ਹਨ, ਇਸ ਕਰਕੇ ਉਹ ਕਿਸੇ ਦੀ ਈਨ ਨਹੀਂ ਮੰਨਦੇ ਪ੍ਰੰਤੂ ਸਿਆਸਤ ਵਿੱਚ ਸਿਆਸੀ ਧੁਰੰਦਰਾਂ ਦੀ ਈਨ ਮੰਨਣੀ ਪੈਂਦੀ ਹੈ। ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਸਿੰਘ ਮਾਨ ਦੋ ਵੱਡੇ ਸੈਲੀਵਰਿਟੀਜ਼ ਆ ਗਏ। ਇਹ ਦੋਵਾਂ ਦਾ ਕਿਸੇ ਦੀ ਈਨ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਇਹ ਤਾਂ ਹਰ ਇੱਕ  ਸਿਆਸਤਦਾਨ ਨੂੰ ਟਿੱਚ ਸਮਝਦੇ ਹਨ। ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਕਾਂਗਰਸ ਵਿੱਚ ਲਿਆਂਦਾ ਸੀ। ਉਹ ਹੁਣ ਸਭ ਨੂੰ ਟਿੱਚ ਸਮਝਦਾ ਹੈ। ਇਸ ਕਰਕੇ ਕਾਂਗਰਸ ਲਈ ‘ ਆਪੇ ਫਾਥੜੀਏ ਕੌਣ ਛੁਡਾਵੇ’ ਵਾਲੀ ਸਥਿਤੀ ਬਣੀ ਪਈ ਹੈ। ਇੱਕ ਕਹਾਵਤ ਹੈ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ’ ਬਿਲਕੁਲ ਇਸੇ ਤਰ੍ਹਾਂ ਸਰਬ ਭਾਰਤੀ ਕਾਂਗਰਸ ਦੀ ਸਥਿਤੀ ਬਣੀ ਹੋਈ ਹੈ। ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ ਕਾਂਗਰਸ ਨੂੰ ਭਰੋਸੇ ਵਿੱਚ ਲਏ ਤੋਂ ਬਿਨਾ ਵੱਖਰੀਆਂ ਰੈਲੀਆਂ ਕਰ ਰਿਹਾ ਹੈ। ਏਥੇ ਹੀ ਬਸ ਨਹੀਂ ਆਪਣੀਆਂ ਟਵੀਟਾਂ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਤੇ ਅਸਿੱਧੇ ਗੁੱਝੇ ਤੀਰ ਮਾਰ ਰਿਹਾ ਹੈ। ਉਸ ਦੇ ਤੀਰ ਐਨੇ ਤਿੱਖੇ ਹਨ ਕਿ ਲੀਡਰਸ਼ਿਪ ਨੂੰ ਤੜਫਣ ਲਾ ਦਿੰਦੇ ਹਨ। ਉਹ ਵੀ ਉਸ ਸਮੇਂ ਜਦੋਂ ਸਰਬ ਭਾਰਤੀ ਕਾਂਗਰਸ ਦਾ ਪੰਜਾਬ ਮਾਮਲਿਆਂ ਦਾ ਇਨਚਾਰਜ ਦੇਵੇਂਦਰ ਯਾਦਵ ਚੰਡੀਗੜ੍ਹ ਵਿਖੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਮੀਟਿੰਗਾਂ ਕਰ ਰਿਹਾ ਹੈ। ਏਥੇ ਸਵਾਲ ਆਪਣੇ ਆਪ ਨੂੰ ਸਿਰਮੌਰ ਲੀਡਰ ਸਾਬਤ ਕਰਨ ਦਾ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਜੇ ਸਵਾ ਤਿੰਨ ਸਾਲ ਨੂੰ 2027 ਵਿੱਚ ਹੋਣੀਆਂ ਹਨ ਪ੍ਰੰਤੂ ਪੰਜਾਬ ਦੇ ਕਾਂਗਰਸੀ ਨੇਤਾ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਲਈ ਕਾਹਲੇ ਪਏ ਹੋਏ ਹਨ। ਮੁੱਖ ਮੰਤਰੀ ਦੀ ਕੁਰਸੀ ਅਜੇ ਖਾਲੀ ਨਹੀਂ ਹੈ ਅਤੇ ਨਾ ਹੀ ਜਲਦੀ ਖਾਲ੍ਹੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ 92 ਵਿਧਾਨਕਾਰਾਂ  ਨਾਲ ਦੋ ਤਿਹਾਈ ਬਹੁਮੱਤ ਪ੍ਰਾਪਤ ਸਥਾਈ ਸਰਕਾਰ ਹੈ। ਪੰਜਾਬ ਦੇ ਕਾਂਗਰਸੀ ਬਿਨਾ ਪਾਣੀ ਹੀ ਮੌਜੇ ਖੋਲ੍ਹੀ ਫਿਰਦੇ ਹਨ। ਮੁੱਖ ਮੰਤਰੀ ਦੀ ਕੁਰਸੀ ਖਾਲ੍ਹੀ ਨਹੀਂ, ਕਾਂਗਰਸੀ ਨੇਤਾ ਲਾਲਾਂ ਸੁੱਟ ਰਹੇ ਹਨ। ਇਸ ਸਮੇਂ ਪੰਜਾਬ ਕਾਂਗਰਸ ਦੇ ਲਗਪਗ ਇਕ ਦਰਜਨ ਨੇਤਾ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਬਣਨ ਲਈ ਜਦੋਜਹਿਦ ਕਰ ਰਹੇ ਹਨ। ਇੱਕ ਦੂਜੇ ਨੇਤਾ ਨੂੰ ਨੀਂਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪੰਜਾਬ ਕਾਂਗਰਸ ਦੀ ਆਪਸੀ ਫੁੱਟ ਦਾ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਨਤੀਜਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੱਖਣ ਦੇ ਬਾਵਜੂਦ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਹੋ ਰਹੇ ਹਨ। ਇੱਕ ਦੂਜੇ ਤੋਂ ਆਪਣੇ ਆਪ ਨੂੰ ਸਰਵੋਤਮ ਸਮਝਦੇ ਹੋਏ ਅਸਿਧੇ ਤੀਰਾਂ ਨਾਲ ਵਾਰ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਿੰਗ ਫਸਾਈ ਬੈਠੇ ਹਨ। ਨਵਜੋਤ ਸਿੰਘ ਸਿੱਧੂ ਕਹਿੰਦਾ ਮੇਰੀਆਂ ਰੈਲੀਆਂ ਵਿੱਚ ਵੱਡੇ ਇਕੱਠ ਹੋਣ ਕਰਕੇ ਸੀਨੀਅਰ ਨੇਤਾ ਮੇਰੀ ਲੋਕ ਪ੍ਰਿਅਤਾ ਤੋਂ ਖ਼ਾਰ ਖਾ ਰਹੇ ਹਨ। ਉਸ ਨੇ ਬਾਕੀ ਨੇਤਾਵਾਂ ਦੀ ਕਾਬਲੀਅਤ ‘ਤੇ ਸਵਾਲ ਚੁੱਕੇ ਹਨ। ਇਸ ਦੇ ਜਵਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਪਹਿਲਾਂ ਨਵਜੋਤ ਸਿੰਘ ਸਿੱਧੂ ‘ਤੇ ਸਿੱਧਾ ਅਟੈਕ ਕਰਨਾ ਨਹੀਂ ਚਾਹੁੰਦੇ ਸਨ, ਹੁਣ ਕਹਿੰਦੇ ਹਨ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਕਈ ਵਾਰ ਉਹ ਅਜਿਹਾ ਟੀਕਾ ਲਗਾਉਂਦਾ ਹੈ ਕਿ ਦੂਜੇ ਨੂੰ ਕਮਜ਼ੋਰ ਕਹਿਣ ਵਾਲਾ ਲੱਭਿਆਂ ਨਹੀਂ ਲੱਭਦਾ। ਇੱਕ ਕਿਸਮ ਨਾਲ ਰਾਜਾ ਵੜਿੰਗ ਦੀ ਇਹ ਨਵਜੋਤ ਸਿੰਘ ਸਿੱਧੂ ਨੂੰ ਅਨਸ਼ਾਸ਼ਨੀ ਕਾਰਵਾਈ ਕਰਨ ਦੀ ਚੇਤਾਵਨੀ ਹੈ।  ਹੈਰਾਨੀ ਦੀ ਗੱਲ ਹੈ ਕਿ ਸਰਬ ਭਾਰਤੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਬਣਾਏ ਗਏ ਪੰਜਾਬ ਮਾਮਲਿਆਂ ਦੇ ਇਨਚਾਰਜ ਦੇਵੇਂਦਰ ਯਾਦਵ ਦੇ ਨੇਤਾਵਾਂ ਵਿੱਚ ਸੁਲਾਹ ਕਰਵਾਉਣ ਲਈ ਆਉਣ ‘ਤੇ ਵੀ ਕਾਂਗਰਸੀਆਂ ਦਾ ਕਾਟੋ ਕਲੇਸ਼ ਜ਼ਾਰੀ ਹੈ। ਪੰਜਾਬ ਕਾਂਗਰਸ ਦੇ ਨੇਤਾ ਅਤੇ ਵਰਕਰ ਭਾਵੇਂ ਨਵਜੋਤ ਸਿੰਘ ਸਿੱਧੂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਪ੍ਰੰਤੂ ਅਨੁਸ਼ਾਸ਼ਨੀ ਕਾਰਵਾਈ ਹੋਣੀ ਐਨੀ ਸੌਖੀ ਨਹੀਂ। ਕੇਂਦਰੀ ਕਾਂਗਰਸ ਕਮਜ਼ੋਰ ਹੋਣ ਕਰਕੇ ਉਹ ਅਜਿਹੀ ਕਾਰਵਾਈ ਨਹੀਂ ਕਰ ਸਕਦੀ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਦੀਆਂ ਪੰਜਾਬ ਪ੍ਰਦੇਸ ਕਾਂਗਰਸ ਤੋਂ ਵੱਖਰੀਆਂ ਰੈਲੀਆਂ ਕਰਨ ਦੇ ਵਿਰੁੱਧ ਹੈ ਪ੍ਰੰਤੂ ਉਹ ਇੱਕ ਸ਼੍ਰੇਸ਼ਟ ਬੁਲਾਰਾ ਹੱਥੋਂ ਖੋਣਾ ਨਹੀਂ ਚਾਹੁੰਦੀ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਸਪੋਰਟ ਹੈ। ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਸ ਨੂੰ ਪ੍ਰਧਾਨਗੀ ਦਾ ਤਾਜ ਗਾਂਧੀ ਪਰਿਵਾਰ ਨੇ ਹੀ ਦਿੱਤਾ ਹੈ। ਪ੍ਰੰਤੂ ਇਥੇ ਨਵਜੋਤ ਸਿੰਘ ਸਿੱਧੂ ਲਈ ਇੱਕ ਹੋਰ ਗੱਲ ਧਿਆਨ ਰੱਖਣ ਵਾਲੀ ਹੈ ਕਿ ਕਮਲ ਨਾਥ ਗਾਂਧੀ ਪਰਿਵਾਰ ਦਾ ਸਭ ਤੋਂ ਨਜਦੀਕੀ ਸੀ, ਉਸ ਨੂੰ ਵੀ ਮੱਧ ਪ੍ਰਦੇਸ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਜਿਵੇਂ ਡੱਡੂਆਂ ਦੀ ਪੰਸੇਰੀ ਦਾ ਇਕੱਠੇ ਰਹਿਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਛੜੱਪਾ ਮਾਰਕੇ ਇੱਕ ਦੂਜੇ ਦਾ ਰਸਤਾ ਰੋਕ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹੁੰਦੇ ਹਨ, ਉਸੇ ਤਰ੍ਹਾਂ ਕਾਂਗਰਸੀ ਨੇਤਾ ਕਰ ਰਹੇ ਹਨ। ਨੇਤਾ ਆਪਣੇ ਆਪ ਨੂੰ ਸਰਵੋਤਮ ਸਮਝ ਰਹੇ ਹਨ, ਇਹ ਗੱਲ ਕਿਸੇ ਨੇਤਾ ਦੀ ਕਮਜ਼ੋਰੀ ਦੀ ਨਹੀਂ ਸਗੋਂ ਨੇਤਾਵਾਂ ਦੀ ਹਓਮੈ ਸਿਰ ਚੜ੍ਹ ਕੇ ਬੋਲ ਰਹੀ ਹੈ। ਕਾਂਗਰਸੀ ਨੇਤਾਵਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਹਓਮੈ ਹਮੇਸ਼ਾ ਪੁੱਠੇ ਪੈਰ ਡਿਗਦੀ ਹੁੰਦੀ ਹੈ। ਬਹੁਤੇ ਤਿਗੜਨ ਦੀ ਲੋੜ ਨਹੀਂ। ਤੁਹਾਡੀ ਲੜਾਈ ਦਾ ਨਤੀਜਾ ਕੰਧ ‘ਤੇ ਲਿਖਿਆ ਹੋਇਆ ਹੈ, ਪੜ੍ਹ ਲਓ। ਪੰਜਾਬ ਦੇ ਕਾਂਗਰਸੀ ਨੇਤਾਓ ਐਵੇਂ ਫੜ੍ਹਾਂ ਮਾਰਨ ਦੀ ਲੋੜ ਨਹੀਂ ਤੁਹਾਡੀ ਵਾਗ ਡੋਰ ਤਾਂ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ, ਤੁਹਾਡੇ ਛੜੱੱਪਿਆਂ ਦਾ ਕੋਈ ਲਾਭ ਨਹੀਂ ਹੋਣਾ। ਦਿੱਲੀ ਦੀ ਇੱਕ ਧਮਕੀ ਨਾਲ ਪਾਣੀ ਦੀ ਝੱਗ ਵਾਂਗੂੰ ਬੈਠ ਜਾਵੋਗੇ।

   ਦੇਵੇਂਦਰ ਯਾਦਵ ਪੰਜਾਬ ਕਾਂਗਰਸ ਦੇ ਨਵੇਂ ਇਨਚਾਰਜ ਜਦੋਂ 8 ਜਨਵਰੀ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਗਏ ਸੀ ਤਾਂ ਉਥੇ ਹੋਰ ਨੇਤਾਵਾਂ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਗਿਆ ਸੀ ਪ੍ਰੰਤੂ 9 ਜਨਵਰੀ ਨੂੰ ਚੰਡੀਗੜ੍ਹ ਦੇਵੇਂਦਰ ਯਾਦਵ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ, ਸੰਸਦ ਮੈਂਬਰਾਂ ਅਤੇ ਵਿਧਾਨਕਾਰਾਂ ਦੀ ਮੀਟਿੰਗ ਬੁਲਾਈ ਤਾਂ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰ ਰਿਹਾ। ਦੇਵੇਂਦਰ ਯਾਦਵ ਨੇ ਪਾਰਟੀ ਦੇ ਅਹੁਦੇਦਾਰਾਂ, ਫਰੰਟਲ ਵਿੰਗਾਂ, ਜਿਲ੍ਹਾ ਤੇ ਬਲਾਕਾਂ ਦੇ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਤਿੰਨ ਰੋਜ਼ਾ ਮੀਟਿੰਗਾਂ ਕੀਤੀਆਂ ਹਨ। ਕੁਝ ਨੇਤਾਵਾਂ ਨਾਲ ਇਕੱਲਿਆਂ ਵੀ ਵਿਚਾਰ ਵਟਾਂਦਰਾ ਕੀਤਾ ਹੈ। ਇਨ੍ਹਾਂ ਤਿੰਨੋ ਦਿਨਾਂ ਦੀਆਂ ਮੀਟਿੰਗਾਂ ਵਿੱਚ ਕਾਂਗਰਸ ਨੇਤਾਵਾਂ ਦੀ ਫੁੱਟ ਜੱਗ ਜ਼ਾਹਰ ਹੋਈ ਹੈ। ਸਾਰੇ ਨੇਤਾ ਆਪੋ ਆਪਣੀ ਡਫਲੀ ਵਜਾ ਰਹੇ ਸਨ। ਪਹਿਲੀ ਪ੍ਰਦੇਸ ਕਾਂਗਰਸ ਦੇ ਅਹੁਦੇਦਾਰਾਂ, ਸੰਸਦ ਮੈਂਬਰਾਂ, ਵਿਧਾਨਕਾਰਾਂ ਅਤੇ ਹਲਕਾ ਇਨਚਾਰਜਾਂ ਦੀ ਮੀਟਿੰਗ ਵਿੱਚ ਹੀ ਕੁਝ ਵੱਡੇ ਨੇਤਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ, ਭਾਰਤ ਭੂਸ਼ਨ ਆਸ਼ੂ ਕਾਰਜਕਾਰੀ ਪ੍ਰਧਾਨ, ਰਵਨੀਤ ਸਿੰਘ ਬਿੱਟੂ ਲੋਕ ਸਭਾ ਮੈਂਬਰ ਲੁਧਿਆਣਾ, ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਅੰਮ੍ਰਿਤਸਰ ਅਤੇ ਪਰਗਟ ਸਿੰਘ ਵਿਧਾਨਕਾਰ  ਗ਼ੈਰਹਾਜ਼ਰ ਰਹੇ, ਹੋ ਸਕਦਾ ਉਨ੍ਹਾਂ ਦੇ ਅਗੇਤੇ ਰੁਝੇਵੇਂ ਹੋਣ ਪ੍ਰੰਤੂ ਅਖ਼ਬਾਰਾਂ ਵਿੱਚ ਉਨ੍ਹਾਂ ਵੱਲੋਂ ਬਿਨਾ ਨਾਂ ਦਿੱਤੇ ਬਿਆਨ ਇਹ ਦਸ ਰਹੇ ਹਨ ਕਿ ਸਭ ਕੁਝ ਅੱਛਾ ਨਹੀਂ ਹੈ। ਮੀਟਿੰਗ ਵਿੱਚ ਭਾਵੇਂ ਆਮ ਲੋਕ ਸਭਾ ਦੀਆਂ ਚੋਣਾ ਬਾਰੇ ਫੀਡ ਬੈਕ ਲਈ ਹੈ ਪ੍ਰੰਤੂ ਆਦਮੀ ਪਾਰਟਂੀ ਨਾਲ ਮਿਲਕੇ ਲੋਕ ਸਭਾ ਦੀਆਂ ਚੋਣਾਂ ਲੜਨ  ਵਰਗੇ ਮਹੱਤਵਪੂਰਨ ਨੁਕਤੇ ‘ਤੇ ਵਿਚਾਰ ਵਟਾਂਦਰਾ ਹੋਇਆ ਹੈ। ਇਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਨਾਲੋਂ ਵੱਖਰੀ ਸੁਰ ਰੱਖਦਿਆਂ ਨਵਜੋਤ ਸਿੰਘ ਸਿੱਧੂ ਦੀਆਂ ਆਯੋਜਤ ਕੀਤੀਆਂ ਜਾਂਦੀਆਂ ‘ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ’ ਰੈਲੀਆਂ ਦਾ ਮੁੱਖ ਮੁੱਦਾ ਭਾਰੂ ਬਣਿਆਂ ਰਿਹਾ। ਇਥੋਂ ਤੱਕ ਕਿ ਕੁਝ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਰੱਖੀ। ਮੀਟਿੰਗ ਵਿੱਚ ਇਹ ਕਿਹਾ ਗਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਨਵਜੋਤ ਸਿੰਘ ਸਿੱਧੂ ਦੀਆਂ ਫੁੱਟ ਪਾਊ ਸਰਗਰਮੀਆਂ ਕਰਕੇ ਹੋਈ ਸੀ। ਵਰਤਮਾਨ ਰੈਲੀਆਂ ਦਾ ਪ੍ਰਭਾਵ ਵੀ ਉਸੇ ਤਰ੍ਹਾ ਦਾ ਹੋਵੇਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਨੁਸ਼ਾਸ਼ਨ ਤੋਂ ਬਿਨਾ ਪਾਰਟੀ ਲਈ ਜਿਤਣਾ ਅਸੰਭਵ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਵੀ ਅਸਿੱਧੇ ਤੌਰ ‘ਤੇ ਕਿਸੇ ਵੀ ਨੇਤਾ ਵੱਲੋਂ ਪੰਜਾਬ ਕਾਂਗਰਸ ਦੀ ਸਹਿਮਤੀ ਤੋਂ ਬਿਨਾ ਕਰਨਾ ਗ਼ਲਤ ਠਹਿਰਾਇਆ ਹੈ। 2022 ਦੀ ਚੋਣਾਂ ਸਮੇਂ ਵੀ ਮੁੱਖ ਮੰਤਰੀ ਦੀ ਕੁਰਸੀ ਮੁੱਖ ਮੁੱਦਾ ਸੀ ਤੇ ਇਸ ਸਮੇਂ ਵੀ ਨੇਤਾਵਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਹਲਚਲ ਪੈਦਾ ਕਰ ਰਿਹਾ ਹੈ। ਭਲੇ ਮਾਣਸੋ ਕੁਝ ਤਾਂ ਸੋਚੋ ਰਾਜ ਭਾਗ ਦੇ ਸਪਨੇ ਤਾਂ ਲੈ ਰਹੇ ਹੋ ਪ੍ਰੰਤੂ ਇੱਕ ਦੂਜੇ ਨੂੰ ਠਿੱਬੀ ਲਾਓਣੋ ਹਟ ਨਹੀਂ ਰਹੇ। ਨੇਤਾਵਾਂ ਦੀ ਏਕਤਾ ਤੋਂ ਬਿਨਾ ਕੋਈ ਵੀ ਜਿੱਤ ਸੰਭਵ ਨਹੀਂ ਹੋ ਸਕਦੀ। ਇਸ ਸਮੇਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਪਾਸੇ ਸਾਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੂਜੇ ਪਾਸੇ ਇਕੱਲਾ ਨਵਜੋਤ ਸਿੰਘ ਸਿੱਧੂ ਹੈ। ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਦੇਵੇਂਦਰ ਯਾਦਵ ਨੂੰ ਮਿਲੇ ਪ੍ਰੰਤੂ ਉਨ੍ਹਾਂ ਦਾ ਰੁੱਖ ਬਗਾਬਤੀ ਹੀ ਰਿਹਾ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਵਰਕਰ ਨੇਤਾਵਾਂ ਦੀਆਂ ਚਾਲਾਂ ਤੋਂ ਦੁੱਖੀ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਉਹ ਪਿੰਡ ਪੱਧਰ ‘ਤੇ ਨਿਸ਼ਾਨੇ ਅਧੀਨ ਹਨ। ਉਨ੍ਹਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਨੇਤਾ ਬਿਲੀਆਂ ਵਾਂਗ ਲੜ ਰਹੇ ਹਨ ਜਦੋਂ ਕਿ ਰੋਟੀ ਦਾ ਟੁਕੜਾ ਅਜੇ ਸਾਹਮਣੇ ਹੈ ਹੀ ਨਹੀਂ। ਇੱਕ ਗੱਲ ਸਾਫ਼ ਹੋ ਗਈ ਕਿ ਪੰਜਾਬ ਦੇ ਕਾਂਗਰਸੀਆਂ ਨੇ ਕੇਂਦਰੀ ਇਨਚਾਰਜ ਦੇਵੇਂਦਰ ਯਾਦਵ ਨੂੰ ਵੀ ਅਨੁਸ਼ਾਸ਼ਨ ਦੇ ਮਾਮਲੇ ਵਿੱਚ ਠੀਂਗਾ ਵਿਖਾ ਦਿੱਤਾ ਹੈ। 

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

   [email protected]

Leave a Reply

Your email address will not be published. Required fields are marked *