ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਜੋ ਲੰਬੇ ਸਮੇਂ ਤੋਂ ਪਾਰਟੀ ‘ਚ ਹਾਸ਼ੀਏ ‘ਤੇ ਚਲੇ ਗਏ ਸਨ, ਦੇ ਸਮਰਥਕ ਵੀ ਹੁਣ ਪਾਰਟੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਸੂਬਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੇ ਸਿੱਧੂ ਦੇ ਸਮਰਥਨ ‘ਚ ਪੋਸਟਰ ਲਗਾਉਣ ‘ਤੇ ਉਨ੍ਹਾਂ ਦੇ ਇਕ ਸਮਰਥਕ ਮਨਸਿਮਰਤ ਸਿੰਘ ਸ਼ੈਰੀ ਰਿਆੜ ਤੋਂ ਜਵਾਬ ਮੰਗਿਆ ਹੈ।
ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਨੇ ਸ਼ੈਰੀ ਰਿਆੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਪਾਰਟੀ ਨੂੰ ਹਾਲ ਹੀ ‘ਚ ਰਿਪੋਰਟਾਂ ਮਿਲੀਆਂ ਹਨ ਕਿ ਉਹ (ਸ਼ੈਰੀ ਰਿਆੜ) ਸੀਨੀਅਰ ਕਾਂਗਰਸੀ ਆਗੂਆਂ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਅਜਿਹੇ ‘ਚ ਰਿਆੜ ਨੂੰ ਪੰਜਾਬ ਯੂਥ ਕਾਂਗਰਸ ਦੀਆਂ ਗਤੀਵਿਧੀਆਂ ਤੋਂ ਵੱਖ ਕਰਦੇ ਹੋਏ ਇਸ ਮਾਮਲੇ ‘ਚ ਸਪੱਸ਼ਟੀਕਰਨ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ।
ਸਪੱਸ਼ਟੀਕਰਨ ਨਾ ਦਿੱਤਾ ਤਾਂ ਹੋਵੇਗੀ ਕਾਰਵਾਈ
ਨੋਟਿਸ ‘ਚ ਕਿਹਾ ਗਿਆ ਹੈ ਕਿ ਜੇਕਰ ਸਪੱਸ਼ਟੀਕਰਨ ਨਾ ਮਿਲਿਆ ਤਾਂ ਪਾਰਟੀ ਨੂੰ ਆਪਣੇ ਪੱਧਰ ‘ਤੇ ਅਨੁਸ਼ਾਸਨੀ ਕਾਰਵਾਈ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਸ਼ੈਰੀ ਰਿਆੜ ਦੀਆਂ ਨਵਜੋਤ ਸਿੱਧੂ ਪੱਖੀ ਗਤੀਵਿਧੀਆਂ ਉਸ ਸਮੇਂ ਸੁਰਖੀਆਂ ‘ਚ ਆਈਆਂ ਸਨ, ਜਦੋਂ ਪਟਿਆਲਾ ‘ਚ ਕਈ ਥਾਵਾਂ ‘ਤੇ ਪੋਸਟਰ ਲੱਗੇ ਸਨ, ਜਿਨ੍ਹਾਂ ‘ਚ ਨਵਜੋਤ ਸਿੱਧੂ ਦੀ ਫੋਟੋ ਦੇ ਨਾਲ ਲਿਖਿਆ ਸੀ ਕਿ ‘ਸਾਰਾ ਪੰਜਾਬ ਸਿੱਧੂ ਦੇ ਨਾਲ’। ਇਸ ਦੇ ਨਾਲ ਹੀ ਇਸ ਪੋਸਟਰ ਟਚ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਅਤੇ ਸ਼ੈਰੀ ਰਿਆੜ ਦੀ ਫੋਟੋ ਵੀ ਛਾਪੀ ਗਈ ਹੈ।