ਬਠਿੰਡਾ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਫੌਜ ਦੀਆਂ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ ਹੇਠ ਕਾਬੂ ਕੀਤਾ ਬਠਿੰਡੇ ਦਾ ਨੌਜਵਾਨ ਅੰਮ੍ਰਿਤ ਗਿੱਲ ਇਸ ਤੋਂ ਪਹਿਲਾਂ ਬੇਅਦਬੀ ਦੇ ਮਾਮਲੇ ਵਿਚ ਨਾਮਜ਼ਦ ਹੋ ਚੁੱਕਾ ਹੈ। ਉਸ ਨੇ ਸਾਲ 2020 ਵਿਚ ਆਪਣੇ ਪਿੰਡ ’ਚ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰ ਕੇ ਸੁੱਟ ਦਿੱਤੇ ਸਨ। ਪਿੰਡ ਦੁੱਲੇਵਾਲਾ ਨਾਲ ਸਬੰਧਤ ਇਹ ਨੌਜਵਾਨ ਅੰਮ੍ਰਿਤ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਨੇ ਫੌਜੀ ਛਾਉਣੀ ਵਿਚ ਆਟੋ ਪਾਇਆ ਹੋਇਆ ਸੀ। ਉਹ ਫੌਜੀ ਛਾਉਣੀ ਵਿਚ ਆਟੋ ਚਲਾਉਣ ਦੇ ਬਹਾਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਗੁਪਤ ਜਾਣਕਾਰੀਆਂ ਭੇਜ ਰਿਹਾ ਸੀ। ਅੰਮ੍ਰਿਤ ਗਿੱਲ ਦੇ ਨਾਲ ਨਾਲ ਉਸ ਦੇ ਸਾਥੀ ਗਾਜ਼ੀਆਬਾਦ ਦੇ ਰਹਿਣ ਵਾਲੇ ਰਿਆਜ਼ੂਦੀਨ ਅਤੇ ਬਿਹਾਰ ਦੇ ਇਜ਼ਹਾਰੂਲ ਵਿਰੁੱਧ ਵੀ ਲਖਨਊ ਦੇ ਐਂਟੀ ਟੈਰੋਰਿਸਟ ਸਕੈਉਡ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਤਿੰਨੇ ਵਿਅਕਤੀ ਮਿਲ ਕੇ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਕੋਲ ਪਹੁੰਚਾ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਬਠਿੰਡਾ ਵਿਚ ਸਭ ਤੋਂ ਵੱਡੀ ਫੌਜੀ ਛਾਉਣੀ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਨ ਲਈ ਅੰਮ੍ਰਿਤਪਾਾਲ ਦੀ ਡਿਊਟੀ ਲਾਈ ਗਈ ਸੀ। ਉਸ ਨੇ ਬਕਾਇਦਾ ਪਾਸ ਬਣਾ ਕੇ ਫੌਜੀ ਛਾਉਣੀ ਅੰਦਰ ਆਪਣਾ ਆਟੋ ਪਾਇਆ ਅਤੇ ਇਸ ਤੋਂ ਬਾਅਦ ਉਸ ਨੇ ਸਾਰੀ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਲਖਨਊ ਪੁਲਿਸ ਦੇ ਐਂਟੀ ਟੈਰੋਰਿਸਟ ਸਕੁਆਇਡ ਨੇ ਅੰਮ੍ਰਿਤ ਗਿੱਲ ਅਤੇ ਰਿਆਜੂਦੀਨ ਨੂੰ ਗ੍ਰਿਫਤਾਰ ਕਰ ਲਿਆ। ਐਂਟੀ ਟੈਰੋਰਿਸਟ ਸੁਕਆਇਡ ਅੰਮ੍ਰਿਤ ਗਿੱਲ ਨੂੰ ਇਤਿਹਾਸਕ ਨਗਰ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕਰਕੇ ਲਖਨਊ ਲੈ ਗਿਆ ਹੈ ਜਿੱਥੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਗਿੱਲ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਾਲ 2020 ਵਿਚ ਥਾਣਾ ਫੂਲ ਦੀ ਪੁਲਿਸ ਨੇ ਉਸ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। 10 ਜਮਾਤਾਂ ਪਾਸ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਦੁੱਲੇਵਾਲਾ ਵਿਚ 21 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਸਕੂਲ ਦੀ ਦੀਵਾਰ ਕੋਲ ਸੁੱਟ ਦਿੱਤੇ ਸਨ। ਇਸ ਦੌਰਾਨ ਮੋਟਰਸਾਈਕਲ ਦੀ ਲਾਈਟ ਪੈ ਜਾਣ ਤੋਂ ਬਾਅਦ ਅੰਮ੍ਰਿਤ ਪਾਲ ਨੂੰ ਲੱਗਾ ਕਿ ਮੋਟਰਸਾਈਕਲ ਸਵਾਰ ਨੂੰ ਉਸ ਦੀ ਹਰਕਤ ਦਾ ਪਤਾ ਲੱਗ ਗਿਆ ਹੈ। ਇਸ ਤੋਂ ਬਾਅਦ ਉਸ ਨੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਬੇਅਦਬੀ ਦੀ ਘਟਨਾ ਬਾਰੇ ਦੱਸਿਆ। 21 ਅਕਤੂਬਰ 2020 ਨੂੰ ਬੇਅਦਬੀ ਦੀ ਵਾਪਰੀ ਇਸ ਘਟਨਾ ਤੋਂ ਪੰਜ ਦਿਨ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ ਨੂੰ ਇਸ ਕੇਸ ਵਿਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਸੀ। ਉਹ ਹੁਣ ਇਸ ਕੇਸ ਵਿਚ ਜ਼ਮਾਨਤ ’ਤੇ ਚੱਲ ਰਿਹਾ ਸੀ। ਬੇਅਦਬੀ ਦੀ ਘਟਨਾ ਤੋਂ ਬਾਅਦ ਉਹ ਆਪਣੇ ਪਿੰਡ ਦੁੱਲੇਵਾਲਾ ਬਹੁਤ ਘੱਟ ਵੇਖਿਆ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਪਿੰਡ ਤੋਂ ਬਾਹਰ ਰਹਿ ਰਿਹਾ ਸੀ। ਪਿੰਡ ਵਾਸੀਆਂ ਅਨੁਸਾਰ ਉਸ ਦਾ ਪਿਤਾ ਪਰਮਜੀਤ ਸਿੰਘ ਉਰਫ ਪੰਮਾ ਵੰਗਾਂ ਵਾਲਾ ਬਹੁਤ ਸ਼ਰੀਫ ਵਿਅਕਤੀ ਹੈ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਵੀ ਪੈਸਿਆਂ ਦੇ ਲਾਲਚ ਵਿਚ ਦਿੱਤਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਕੋਲੋਂ ਬੇਅਦਬੀ ਦੀ ਘਟਨਾ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਸ ਘਟਨਾ ਪਿਛਲੇ ਵਿਅਕਤੀਆਂ ਦੇ ਚਿਹਰੇ ਵੀ ਨੰਗੇ ਹੋ ਸਕਣ।
ਦੂਜੇ ਪਾਸੇ ਪਿੰਡ ਦੁੱਲੇਵਾਲਾ ਵਿਚ ਪੁਲਿਸ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਉਸ ਦਾ ਪਰਿਵਾਰ ਵੀ ਮਕਾਨ ਨੂੰ ਤਾਲਾ ਲਗਾ ਕੇ ਕਿਧਰੇ ਚਲਾ ਗਿਆ ਹੈ।