ਦੀਨਾਨਗਰ – ਬੀਤੇ ਦਿਨੀਂ ਸ਼ਾਮ ਵੇਲੇ ਦੀਨਾਨਗਰ ਵਿਖੇ ਮੇਨ ਹਾਈਵੇ ‘ਤੇ ਇੱਕ ਆਲਟੋ ਕਾਰ ਅਤੇ ਰੋਡਵੇਜ਼ ਬੱਸ ਦੀ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕਾਰ ‘ਚ ਸਵਾਰ ਮਾਂ ਪੁੱਤਰ ਦੀਨਾਨਗਰ ਦੇ ਨੇੜਲੇ ਪਿੰਡ ਕੌਹਲੀਆ ਤੋਂ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈ ਕੇ ਆਪਣੇ ਘਰ ਪਠਾਨਕੋਟ ਨੂੰ ਜਾ ਰਹੇ ਸੀ ਤਾਂ ਅਚਾਨਕ ਪਠਾਨਕੋਟ ਤੋਂ ਗੁਰਦਾਸਪੁਰ ਨੂੰ ਆ ਰਹੀ ਪਨਬਸ ਨੇ ਸਿੱਧੀ ਟੱਕਰ ਮਾਰ ਦਿੱਤੀ ਸੀ । ਜਿਸ ਦੌਰਾਨ ਔਰਤ ਰਾਜ ਰਾਣੀ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਕਾਰ ਚਾਲਕ ਨੌਜਵਾਨ ਅਮਨ ਕੁਮਾਰ ਗੰਭੀਰ ਰੂਪ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ।
ਇਸ ਵਿਚਾਲੇ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ‘ਚ ਲਿਜਾਇਆ ਗਿਆ ਸੀ ਪਰ ਅੱਜ ਜ਼ਖ਼ਮੀ ਨੌਜਵਾਨ ਨੇ ਵੀ ਦਮ ਤੋੜ ਦਿੱਤਾ ਹੈ । ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਦੀਨਾਨਗਰ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਪਵਨ ਕੁਮਾਰ ਵਾਸੀ ਰਾਇਲ ਕਾਲੋਨੀ ਪਠਾਨਕੋਟ ਦੇ ਬਿਆਨਾਂ ਦੇ ਆਧਾਰ ‘ਤੇ ਪਨਬਸ ਚਾਲਕ ਯੋਧਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਵੈਰੋਵਾਲ ਜ਼ਿਲ੍ਹਾ ਤਰਨ ਤਾਰਨ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।