ਕੁਰੂਕਸ਼ੇਤਰ : ਹਰਿਆਣਾ ਸਿੱਖ ਪ੍ਰਬੰਧਕ ਕਮੇਟੀ (HSGPC) ਕਾਰਜਕਾਰਨੀ ਮੈਂਬਰਾਂ ’ਚ ਆਪਸੀ ਮੱਤਭੇਦ ਇਕ ਵਾਰ ਫਿਰ ਸਾਹਮਣੇ ਆਏ ਹਨ। ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਮੰਡੇਵਰ ਨੇ ਐੱਚਐੱਸਜੀਪੀਸੀ ਦਫ਼ਤਰ ’ਚ ਅਧਿਕਾਰੀਆਂ ਦੀ ਨਿਯੁਕਤੀ ’ਚ ਪੰਜਾਬ ਦੇ ਬਾਦਲ ਪਰਿਵਾਰ ਦੇ ਚਹੇਤਿਆਂ ਦੀ ਨਿਯੁਕਤੀ ਦੇ ਦੋਸ਼ ਲਗਾਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਹੀ ਦੋਸ਼ ਲਗਾਉਂਦੇ ਹੋਏ 7 ਅਕਤੂਬਰ ਨੂੰ ਆਮ ਸਭਾ ਬੁਲਾਉਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਚੁੱਕਣ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਸ਼ਾਂਤ ਕਰ ਦਿੱਤਾ ਸੀ। ਹੁਣ ਦੁਬਾਰਾ ਉਨ੍ਹਾਂ ਨੇ ਇਸ ਮਾਮਲੇ ’ਤੇ ਸੁਣਵਾਈ ਨਾ ਕਰਨ ’ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਐੱਚਐੱਸਜੀਪੀਸੀ ਦੇ ਸੀਨੀਅਰ ਮੈਂਬਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਵਰ ਨੇ ਦੋਸ਼ ਲਾਇਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਬਾਦਲ ਦਲ ਦਾ ਕਬਜ਼ਾ ਹੋ ਗਿਆ ਹੈ। ਐੱਚਐੱਸਜੀਪੀਸੀ ਜੋ ਕਿ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਬਾਦਲ ਦਲ ਦੇ ਭ੍ਰਿਸ਼ਟ ਪ੍ਰਬੰਧ ਤੋਂ ਪਿੱਛਾ ਛੁਡਵਾਉਣ ਲਈ ਸਖ਼ਤ ਮਿਹਨਤ ਕਰ ਕੇ ਹੋਂਦ ਵਿਚ ਆਈ ਸੀ। ਬੇਹੱਦ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐੱਚਐੱਸਜੀਪੀਸੀ ’ਤੇ ਅੱਜ ਗੁਪਤ ਤਰੀਕੇ ਨਾਲ ਬਾਦਲ ਦਲ ਨੇ ਫਿਰ ਕਬਜ਼ਾ ਕਰ ਲਿਆ ਹੈ।
ਉਹ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਬਾਦਲ ਦਲ ਦੀ ਲੁੱਟ ਨਾਲ ਹਰਿਆਣਾ ਦੀਆਂ ਗੋਲਕਾਂ ਨੂੰ ਬਚਾਉਣ ਅਤੇ ਠੀਕ ਢੰਗ ਨਾਲ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਹਰਿਆਣਾ ਦੇ ਸਿੱਖਾਂ ਨੇ ਜੱਦੋਜਹਿਦ ਕੀਤੀ ਸੀ ਅਤੇ ਹਰਿਆਣਾ ਕਮੇਟੀ ਲਈ ਢਾਈ ਦਹਾਕਿਆਂ ਦੇ ਲਗਪਗ ਫ਼ੈਸਲਾਕੁਨ ਲੜਾਈ ਲੜੀ। ਅੱਜ ਬਾਦਲ ਦਲ ਨੇ ਭਾਜਪਾ ਦੀ ਮਦਦ ਨਾਲ ਹਰਿਆਣਾ ਕਮੇਟੀ ਦੀ ਲੜਾਈ ਲੜਨ ਵਾਲੇ ਜਗਦੀਸ਼ ਸਿੰਘ ਝੀਂਡਾ, ਜਥੇ. ਬਲਜੀਤ ਸਿੰਘ ਦਾਦੂਵਾਲ, ਦੀਦਾਰ ਸਿੰਘ ਨਲਵੀ ਵਰਗਿਆਂ ਨੂੰ ਇਸ ਕਮੇਟੀ ਦੇ ਪ੍ਰਬੰਧ ਤੋਂ ਸਾਜ਼ਿਸ਼ ਤਹਿਤ ਦੂਰ ਕਰ ਦਿੱਤਾ ਜਿਨ੍ਹਾਂ ਨੇ ਹਮੇਸ਼ਾ ਬਾਦਲ ਦਲ ਲਈ ਕੰਮ ਕੀਤਾ, ਅੱਜ ਉਨ੍ਹਾਂ ਨੂੰ ਹਰਿਆਣਾ ਕਮੇਟੀ ਦੇ ਪ੍ਰਬੰਧ ’ਤੇ ਕਾਬਜ਼ ਕਰਵਾ ਦਿੱਤਾ ਗਿਆ ਹੈ। ਪ੍ਰਬੰਧਕੀ ਢਾਂਚੇ ਤੋਂ ਇਲਾਵਾ ਦਫ਼ਤਰ ਸਟਾਫ ’ਚ ਵੀ ਅੱਜ ਬਾਦਲ ਦਲ ਦੇ ਚਹੇਤੇ ਜਸਵਿੰਦਰ ਸਿੰਘ ਦੀਨਪੁਰ ਨੂੰ ਮੁੱਖ ਸਕੱਤਰ ਅਤੇ ਭਰਪੂਰ ਸਿੰਘ ਬਠਿੰਡਾ ਨੂੰ ਧਰਮ ਪ੍ਰਚਾਰ ਸਕੱਤਰ ਲਗਾ ਦਿੱਤਾ ਗਿਆ ਹੈ ਜੋ ਕਿ ਹਰਿਆਣਾ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਨਾਲ ਸਿੱਧਾ ਖਿਲਵਾੜ ਹੈ। ਮਹੰਤ ਕਰਮਜੀਤ ਸਿੰਘ ਦੀ ਪ੍ਰਧਾਨਗੀ ਦੇ ਸਮੇਂ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਜਸਵਿੰਦਰ ਸਿੰਘ ਦੀਨਪੁਰ ਨੂੰ ਪੰਜਾਬ ਤੋਂ ਲਿਆ ਕੇ ਇਥੇ ਮੁੱਖ ਸਕੱਤਰ ਲਗਵਾ ਦਿੱਤਾ ਸੀ ਅਤੇ ਮਹੰਤ ਕਰਮਜੀਤ ਸਿੰਘ ਅਤੇ ਓਐੱਸਡੀ ਭਰਪੂਰ ਸਿੰਘ ਬਠਿੰਡਾ ਹੁਣ ਧਰਮ ਪ੍ਰਚਾਰ ਸਕੱਤਰ ਲਗਾ ਦਿੱਤਾ ਹੈ ਜਦਕਿ ਹਰਿਆਣਾ ਵਿਚ ਸ਼ੁਰੂਆਤ ਤੋਂ ਦਫਤਰ ਦਾ ਕੰਮ ਕਰ ਰਹੇ ਬਹੁਤ ਹੀ ਮਿਹਨਤੀ ਅਤੇ ਸਮਝਦਾਰ ਸਟਾਫ ਹੈ ਜਿਨ੍ਹਾਂ ਨੂੰ ਸਾਈਡ ਲਾਈਨ ਕਰ ਕੇ ਉਨ੍ਹਾਂ ’ਤੇ ਪੰਜਾਬ ਤੋਂ ਬਾਦਲ ਦਲ ਦੇ ਕਰਿੰਦਿਆਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਹੈ। ਜਥੇਦਾਰ ਮੰਡੇਬਰ ਨੇ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਵੱਡਾ ਸੰਘਰਸ਼ ਕੀਤਾ ਜਾਵੇਗਾ।